ਫੀਸਾਂ 'ਚ ਵਾਧਾ ਗਰੀਬ ਵਿਦਿਆਰਥੀਆਂ ਲਈ ਮਾਰੂ : ਮਾਸਟਰ ਕੈਡਰ ਯੂਨੀਅਨ ਬੋਰਡ ਵੱਲੋਂ ਪ੍ਰੀਖਿਆ ਫੀਸਾਂ 'ਚ ਵਾਧਾ ਗਰੀਬ ਤੇ ਮੱਧਵਰਗੀ ਵਿਦਿਆਰਥੀਆਂ ਲਈ ਮਾਰੂ : ਮਾਸਟਰ ਕੈਡਰ ਯੂਨੀਅਨ
Publish Date: Fri, 23 Oct 2026 09:30 PM (IST)
Updated Date: Fri, 23 Oct 2026 09:33 PM (IST)
--ਸਿੱਖਿਆ ਕ੍ਰਾਂਤੀ ਦਾ ਵਿਦਿਆਰਥੀ ਵਿਰੋਧੀ ਚਿਹਰਾ ਹੋਇਆ ਬੇਨਕਾਬ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਖੁੰਡਾ, ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸ਼ਰਮਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਚ 12 ਫੀਸਦੀ ਵਾਧੇ ਨੇ ਗਰੀਬ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਨਵੀਂ ਮੁਸੀਬਤ ਚ ਪਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਬੋਰਡ ਦੇ ਅਜਿਹੇ ਫੈਸਲੇ ਵਿਦਿਆਰਥੀਆਂ ਦੀ ਪੜ੍ਹਾਈ ਚ ਰੁਕਾਵਟ ਬਣਨਗੇ। ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟ ਕੇ ਵੱਡੇ-ਵੱਡੇ ਫਲੈਕਸ, ਬੋਰਡ ਲਗਾ ਕੇ ਲੋਕਾਂ ਨੂੰ ਭਰਮ ਜਾਲ ਵਿੱਚ ਫਸਾ ਕੇ ਵਾਹ-ਵਾਹ ਖੱਟਣ ਲੱਗੀ ਹੋਈ ਹੈ ਪਰ ਅਸਲੀਅਤ ਕੁਝ ਹੋਰ ਹੀ ਦਿਖਾਈ ਦਿੰਦੀ ਹੈ। ਸਿੱਖਿਆ ਬੋਰਡ ਨੇ ਗਰੀਬ ਤੇ ਮੱਧ ਵਰਗੀ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਚ ਵਾਧਾ ਹੀ ਨਹੀਂ ਕੀਤਾ ਸਗੋਂ ਪੰਜਾਬ ਸਰਕਾਰ ਨੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਰਥਿਕ ਮਦਦ ਵਾਲੀਆਂ ਵਜ਼ੀਫੇ ਦੀਆਂ ਵੱਖ-ਵੱਖ ਸਕੀਮਾਂ ਰਾਜ ਵਿੱਦਿਅਕ ਭਲਾਈ ਸਕੀਮ, ਡਾ. ਅੰਬੇਡਕਰ ਪੋਰਟਲ ਤੇ ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ ਬੰਦ ਕਰ ਕੇ ਵਿਦਿਆਰਥੀ ਵਿਰੋਧੀ ਹੋਣ ਦਾ ਆਪਣਾ ਚਿਹਰਾ ਵੀ ਨੰਗਾ ਕਰ ਲਿਆ ਹੈ। ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ 2000 ਰੁਪਏ ਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ 2450 ਰੁਪਏ ਭਰਨੇ ਜ਼ਰੂਰੀ ਕਰ ਦਿੱਤੇ ਗਏ ਹਨ, ਉਪਰੋਂ ਵਿਦਿਆਰਥੀ ਨੂੰ ਵਾਧੂ ਵਿਸ਼ੇ ਲਈ 550 ਰੁਪਏ ਵੀ ਦੇਣੇ ਹੋਣਗੇ। ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫੀਸ ਵਾਧੇ ਨੂੰ ਵਿਦਿਆਰਥੀ ਵਿਰੋਧੀ ਤੇ ਗੈਰ-ਵਾਜਬ ਫੈਸਲਾ ਦੱਸਦੇ ਹੋਏ ਇਸ ਦੀ ਸਖਤ ਨਿੰਦਾ ਕੀਤੀ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਸਮਿਆਂ ਚ ਦਸਵੀਂ ਤੇ ਬਾਰਵੀਂ ਜਮਾਤ ਦੇ ਐੱਸਸੀ/ਬੀਸੀ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਫੀਸ ਭਲਾਈ ਵਿਭਾਗ ਰਾਹੀਂ ਸਰਕਾਰ ਵੱਲੋਂ ਭਰੀ ਜਾਂਦੀ ਰਹੀ ਹੈ। ਇਸ ਮੌਕੇ ਅਰਜਨਜੀਤ ਸਿੰਘ, ਜਗਤਾਰ ਸਿੰਘ ਨਡਾਲੀ, ਹਰਨੇਕ ਸਿੰਘ ਸੰਧਰ, ਨਰਿੰਦਰਜੀਤ ਸਿੰਘ ਗਿੱਲ, ਜਸਵੀਰ ਚੰਦ, ਸੁਰਿੰਦਰਪਾਲ ਸਿੰਘ ਚੀਦਾ, ਕੁਲਦੀਪ ਸਿੰਘ ਮੈਰੀਪੁਰ, ਮਨੋਜ ਕੁਮਾਰ, ਦਲਬੀਰ ਸਿੰਘ, ਅੰਕੁਸ਼ ਨਾਰੰਗ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਰਮਨਦੀਪ ਸਿੰਘ, ਅਵਤਾਰ ਸਿੰਘ ਈਸ਼ਰਵਾਲ, ਕੁਲਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਤੋਪਖਾਨਾ, ਅਮਨ ਓਬਰਾਏ, ਬਲਵਿੰਦਰ ਸਿੰਘ, ਜਸਵੰਤ ਸਿੰਘ, ਤਰਮਿੰਦਰ ਸਿੰਘ ਮੱਲੀ,ਸੁਖ ਦੇਵ ਸਿੰਘ ਮੰਗੂਪੁਰ, ਸੁਰਜੀਤ ਸਿੰਘ ਮੋਠਾਂਵਾਲ, ਰਾਕੇਸ਼ ਕੁਮਾਰ ਜੱਬੋਵਾਲ,ਇੰਦਰ ਵੀਰ ਅਰੋੜਾ, ਮਲਕੀਤ ਸਿੰਘ ਗੋਤਰਾ, ਵਿਨੋਦ ਕੁਮਾਰ ਫਗਵਾੜਾ ਆਦਿ ਹਾਜ਼ਰ ਸਨ।