ਸਰਕਾਰ ਨਸ਼ਿਆਂ ਖ਼ਿਲਾਫ਼ ਜੰਗ ਹਾਰੀ : ਸੋਹਲ, ਗੋਪੀ ਮਾਨਸਾ ਵਿਖੇ ਵਾਪਰੀਆਂ ਘਟਨਾਵਾਂ ਮੰਦਭਾਗੀਆਂ, ਸਰਕਾਰ ਨਸ਼ਿਆਂ ਖ਼ਿਲਾਫ਼ ਜੰਗ ਹਾਰੀ: ਜੋਗਿੰਦਰ ਸਿੰਘ ਸੋਹਲ, ਗੁਰਪ੍ਰੀਤ ਗੋਪੀ
Publish Date: Sat, 31 Oct 2026 07:48 PM (IST)
Updated Date: Sat, 31 Oct 2026 07:49 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਬੀਤੇ ਦਿਨੀ ਮਾਨਸਾ ਵਿਖੇ ਵਾਪਰੀਆਂ ਘਟਨਾਵਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੱਥੇ ਪਹਿਲਾ ਪਰਵਿੰਦਰ ਸਿੰਘ ਝੋਟੇ ਦਾ ਮਾਮਲਾ ਚਰਚਾ ਵਿੱਚ ਸੀ, ਉੱਥੇ ਹੀ ਹੁਣ ਇੱਕ ਹੋਰ ਨੌਜਵਾਨ ਦੀ ਹੋਈ ਮੌਤ ਜਿਸ ਵਿੱਚ ਮ੍ਰਿਤਕ ਦੇ ਪਰਿਵਾਰ ਵੱਲੋਂ ਚਿੱਟੇ ਨਾਲ਼ ਨੌਜਵਾਨ ਦੀ ਮੌਤ ਦੀ ਗੱਲ ਕਹਿ ਕੇ ਪੁਲਿਸ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ ਤੇ ਇਸੇ ਦੌਰਾਨ ਮ੍ਰਿਤਕ ਦੇਹ ਨੂੰ ਪੁਲਿਸ ਵੱਲੋਂ ਧੱਕੇ ਨਾਲ ਪਰਿਵਾਰਕ ਮੈਂਬਰਾਂ ਤੋਂ ਖੋਹ ਕੇ ਲਿਜਾਣ ਦੇ ਦ੍ਰਿਸ਼ਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀ ਚਰਚਾ ਛੇੜ ਦਿੱਤੀ ਹੈ। ਪੁਲਿਸ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਉਪ ਪ੍ਰਧਾਨ ਜੋਗਿੰਦਰ ਸਿੰਘ ਸੋਹਲ ਸੰਧੂ ਚੱਠਾ ਤੇ ਯੂਥ ਪ੍ਰਧਾਨ ਹਲਕਾ ਕਪੂਰਥਲਾ ਗੁਰਪ੍ਰੀਤ ਸਿੰਘ ਗੋਪੀ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ਼ ਤੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਦੀ ਵਾਇਰਲ ਹੋ ਰਹੀਆਂ ਵੀਡੀਓ ਨਾਲ਼ ਪੰਜਾਬ ਦੀ ਦੁਨੀਆ ਵਿੱਚ ਬਦਨਾਮੀ ਹੋ ਰਹੀ ਹੈ ਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਜੋ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਹਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਇੰਝ ਜਾਪਦਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਹਰ ਨਾਗਰਿਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਤੇ ਮ੍ਰਿਤਕ ਦੇਹਾਂ ਨਾਲ ਵੀ ਪੂਰਾ ਸਨਮਾਨਜਨਕ ਵਿਵਹਾਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ। ਘਰਾਂ ਤੋਂ ਬਾਹਰ ਨਿਕਲਣ ਵਾਲੀਆ ਔਰਤਾਂ ਦੇ ਪਰਸ ਖੋਹਣ ਤੇ ਕੰਨਾਂ ਦੀਆਂ ਵਾਲੀਆਂ ਝਪਟਣ ਵਰਗੀਆਂ ਘਟਨਾਵਾਂ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਹਾਲਾਤਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਕਾਰ ਨੂੰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2027 ਦੀਆ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਤੇ ਖੇਤਰੀ ਪਾਰਟੀ ਸ਼੍ਰੋਮਣੀ ਦਲ ਦੀ ਸਰਕਾਰ ਬਣਾਉਣ ਤਾਂ ਜੋ ਪੰਜਾਬ ਦੇ ਹਾਲਾਤਾਂ ਵਿੱਚ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੀਆ ਭਾਵਨਾਵਾਂ, ਸਮੱਸਿਆਵਾਂ ਤੇ ਲੋੜ ਨੂੰ ਬਿਹਤਰ ਢੰਗ ਨਾਲ ਸਮਝਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਯਤਨਸ਼ੀਲ ਰਹੀ ਹੈ ਤੇ ਭਵਿੱਖ ਵਿੱਚ ਵੀ ਪੰਜਾਬ ਦੇ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।