ਬੀਐੱਸਸੀ ਨਰਸਿੰਗ ਦਾਖਲਿਆਂ ਲਈ ਦਿੱਤੀ 10 ਫੀਸਦੀ ਅੰਕਾਂ ਦੀ ਛੋਟ ਬੀਐਸਸੀ ਨਰਸਿੰਗ ਦਾਖਲਿਆਂ ਲਈ ਆਈਐਨਸੀ ਵੱਲੋਂ 10 ਫੀਸਦੀ ਅੰਕਾਂ ਦੀ ਛੋਟ
Publish Date: Sat, 03 Oct 2026 07:37 PM (IST)
Updated Date: Sat, 03 Oct 2026 07:37 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੰਜਾਬ ਦੇ ਨਰਸਿੰਗ ਕਾਲਜਾਂ ਵਿੱਚ ਬੀਐੱਸਸੀ ਨਰਸਿੰਗ ਦੀਆਂ ਖਾਲੀ ਰਹਿ ਰਹੀਆਂ ਸੀਟਾਂ ਨੂੰ ਭਰਨ ਲਈ ਇੰਡੀਅਨ ਨਰਸਿੰਗ ਕੌਂਸਲ (ਆਈਐੱਨਸੀ) ਵੱਲੋਂ ਦਾਖਲਾ ਨਿਯਮਾਂ ਵਿੱਚ 10 ਫੀਸਦੀ ਅੰਕਾਂ ਦੀ ਛੋਟ ਦਿੱਤੀ ਗਈ ਹੈ। ਇਸ ਨਾਲ ਹੁਣ ਜਨਰਲ ਵਰਗ ਦੇ ਵਿਦਿਆਰਥੀ 45 ਅੰਕ ਤੇ ਐੱਸਸੀ ਤੇ ਓਬੀਸੀ ਵਰਗ ਦੇ ਵਿਦਿਆਰਥੀ 42 ਅੰਕ ਪ੍ਰਾਪਤ ਕਰਕੇ ਬੀਐੱਸਸੀ ਨਰਸਿੰਗ ਵਿੱਚ ਦਾਖਲਾ ਲੈ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ, ਜੀਬੀ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਡਾ. ਜੀਬੀ ਸਿੰਘ ਤੇ ਮੀਤ ਪ੍ਰਧਾਨ ਡਾ. ਬੀਐੱਸ ਭਾਟੀਆ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ ਬੀਐੱਸਸੀ ਨਰਸਿੰਗ ਦੇ ਦਾਖਲਿਆਂ ਲਈ ਤਿੰਨ ਕੌਂਸਲਿੰਗਾਂ ਕਰਵਾਈਆਂ ਜਾ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਪੰਜਾਬ ਦੇ ਕਈ ਨਰਸਿੰਗ ਕਾਲਜਾਂ ਵਿੱਚ ਸੀਟਾਂ ਖਾਲੀ ਰਹਿ ਗਈਆਂ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਪ੍ਰੋ. ਡਾ. ਰਜਿੰਦਰ ਕੁਮਾਰ ਬਾਂਸਲ ਵੱਲੋਂ ਇੰਡੀਅਨ ਨਰਸਿੰਗ ਕੌਂਸਲ, ਨਵੀਂ ਦਿੱਲੀ ਨੂੰ ਪੱਤਰ ਲਿਖ ਕੇ ਬੀਐੱਸਸੀ ਨਰਸਿੰਗ ਦੇ ਦਾਖਲਿਆਂ ਸਬੰਧੀ ਨਿਰਧਾਰਤ ਨਿਯਮਾਂ ਵਿੱਚ ਛੋਟ ਦੇਣ ਦੀ ਮੰਗ ਕੀਤੀ ਗਈ ਸੀ। ਇਸ ਦਾ ਉਦੇਸ਼ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਵਿੱਚ ਹੀ ਰਹਿ ਕੇ ਨਰਸਿੰਗ ਦੀ ਪੜ੍ਹਾਈ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਜੇਕਰ ਇਸ ਛੋਟ ਦੇ ਬਾਵਜੂਦ ਵੀ ਪੰਜਾਬ ਦੇ ਨਰਸਿੰਗ ਕਾਲਜਾਂ ਵਿੱਚ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਐਸੋਸੀਏਸ਼ਨ ਵੱਲੋਂ ਮੁੜ ਇੰਡੀਅਨ ਨਰਸਿੰਗ ਕੌਂਸਲ ਨੂੰ ਬੇਨਤੀ ਪੱਤਰ ਭੇਜ ਕੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਨਰਸਿੰਗ ਕਾਲਜਾਂ ਦੀਆਂ ਸੀਟਾਂ ਭਰਨ ਲਈ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਨੂੰ ਮਿਲਾ ਕੇ ਬੀਐੱਸਸੀ ਨਰਸਿੰਗ ਦੀਆਂ ਹਜ਼ਾਰਾਂ ਸੀਟਾਂ ਉਪਲਬਧ ਹਨ ਤੇ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਿੱਚ ਰੁਚੀ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਨਰਸਿੰਗ ਸਿੱਖਿਆ ਪ੍ਰਦਾਨ ਕਰਨਾ ਤੇ ਉਨ੍ਹਾਂ ਦੀ ਕਲੀਨੀਕਲ ਟ੍ਰੇਨਿੰਗ ਚੰਗੇ ਹਸਪਤਾਲਾਂ ਵਿੱਚ ਕਰਵਾਉਣਾ ਹੈ, ਤਾਂ ਜੋ ਸਿਖਿਆਰਥੀ ਭਵਿੱਖ ਵਿੱਚ ਇੱਕ ਯੋਗ ਤੇ ਕੁਸ਼ਲ ਨਰਸ ਵਜੋਂ ਆਪਣੀਆਂ ਸੇਵਾਵਾਂ ਨਿਭਾ ਸਕਣ।