ਫੂਡ ਸੇਫਟੀ ਵਿੰਗ ਨੇ ਸਵੀਟ ਸ਼ਾਪ ਤੇ ਬੇਕਰੀਆਂ ਦੀ ਕੀਤੀ ਜਾਂਚ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਸਵੀਟ ਸ਼ਾਪ ਅਤੇ ਬੇਕਰੀਆਂ ਦੀ ਵਿਸ਼ੇਸ਼ ਜਾਂਚ ਮੁਹਿੰਮ
Publish Date: Sun, 20 Sep 2026 07:07 PM (IST)
Updated Date: Sun, 20 Sep 2026 07:08 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਮਲਪ੍ਰੀਤ ਕੌਰ ਬਰਾੜ, ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਆਕਾਸ਼ ਬਾਂਸਲ, ਡਿਪਟੀ ਕਮਿਸ਼ਨਰ, ਕਪੂਰਥਲਾ ਤੇ ਡਾ. ਰਾਜੀਵ ਪਰਾਸ਼ਰ, ਸਿਵਲ ਸਰਜਨ, ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ (ਫੂਡ) ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਫਗਵਾੜਾ ਖੇਤਰ ਵਿੱਚ ਕੁੱਲ 5 ਫੂਡ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 3 ਮਠਿਆਈਆਂ ਦੀਆਂ ਦੁਕਾਨਾਂ ਤੇ 2 ਬੇਕਰੀ ਯੂਨਿਟ ਸ਼ਾਮਲ ਸਨ। ਜਾਂਚ ਦੌਰਾਨ ਫੂਡ ਕਾਰੋਬਾਰੀ ਅਦਾਰਿਆਂ ਵਿੱਚ ਸਫ਼ਾਈ-ਸਫ਼ਾਈ, ਖਾਧ ਪਦਾਰਥਾਂ ਦੀ ਸਟੋਰੇਜ, ਕੱਚੇ ਮਾਲ ਦੀ ਵਰਤੋਂ ਤੇ ਹੋਰ ਫੂਡ ਸੇਫਟੀ ਮਾਪਦੰਡਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਜਾਂਚ ਦੌਰਾਨ ਅਣਸਵੱਛ ਹਾਲਾਤ ਪਾਏ ਜਾਣ ’ਤੇ 1 ਚਲਾਨ ਜਾਰੀ ਕੀਤਾ ਗਿਆ, ਜਦਕਿ ਨਿਯਮਾਂ ਦੀ ਪਾਲਣਾ ਵਿੱਚ ਪਾਈਆਂ ਗਈਆਂ ਕਮੀਆਂ ਸਬੰਧੀ 2 ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ। ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਗੁਡ ਮੈਨੂਫੈਕੁਚਰਿੰਗ ਪ੍ਰੈਕਟਿਸ ਤੇ ਗੁਡ ਹਾਈਜੀਨ ਪ੍ਰੈਕਟਿਸ ਨੂੰ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ, ਮੁਹਿੰਮ ਦੌਰਾਨ ਹਲਵਾਈਆਂ ਤੇ ਬੇਕਰੀ ਯੂਨਿਟਾਂ ਨੂੰ ਖੁਰਾਕ ਸੁਰੱਖਿਆ ਤੇ ਸਫ਼ਾਈ ਸਬੰਧੀ ਲਾਜ਼ਮੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੂੰ ਅਦਾਰਿਆਂ ਨੂੰ ਹਰ ਸਮੇਂ ਸਾਫ਼-ਸੁਥਰਾ ਰੱਖਣ, ਢੱਕਣ ਵਾਲੇ ਡਸਟਬਿਨ ਦੀ ਵਰਤੋਂ ਕਰਨ, ਕੂੜਾ-ਕਰਕਟ ਖੁੱਲ੍ਹੇ ਵਿੱਚ ਜਾਂ ਸੜਕ ’ਤੇ ਨਾ ਸੁੱਟਣ ਤੇ ਕੰਮ ਦੌਰਾਨ ਯਥਾਸੰਭਵ ਦਸਤਾਨੇ, ਹੈੱਡ ਕੈਪ ਤੇ ਸਾਫ਼ ਕੱਪੜਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ। ਫੂਡ ਕਾਰੋਬਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਖੁਰਾਕ ਪਦਾਰਥਾਂ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਦੀ ਖਰੀਦ ਭਰੋਸੇਯੋਗ ਸਰੋਤਾਂ ਤੋਂ ਕੀਤੀ ਜਾਵੇ ਤੇ ਖਰੀਦੇ ਗਏ ਕੱਚੇ ਮਾਲ ਦੇ ਬਿੱਲ ਤੇ ਰਿਕਾਰਡ ਸੰਭਾਲ ਕੇ ਰੱਖੇ ਜਾਣ। ਕੱਚੇ ਤੇ ਤਿਆਰ ਖੁਰਾਕ ਪਦਾਰਥਾਂ ਨੂੰ ਵੱਖ-ਵੱਖ ਰੱਖਣ ਤੇ ਉਨ੍ਹਾਂ ਨੂੰ ਧੂੜ, ਮੱਖੀਆਂ, ਕੀੜਿਆਂ ਤੇ ਹੋਰ ਗੰਦਗੀ ਤੋਂ ਸੁਰੱਖਿਅਤ ਰੱਖਣ ਲਈ ਵੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ, ਖੁਰਾਕ ਪਦਾਰਥਾਂ ਵਿੱਚ ਕੇਵਲ ਮਨਜ਼ੂਰਸ਼ੁਦਾ ਫੂਡ ਐਡੀਟਿਵਜ਼ ਤੇ ਰੰਗਾਂ ਦੀ ਨਿਰਧਾਰਤ ਸੀਮਾ ਅੰਦਰ ਹੀ ਵਰਤੋਂ ਕਰਨ ਤੇ ਕਿਸੇ ਵੀ ਅਣਅਧਿਕਾਰਤ ਪਦਾਰਥ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ। ਤਿਆਰ ਖਾਧ ਸਮੱਗਰੀ ਨੂੰ ਢੱਕ ਕੇ ਰੱਖਣ ਤੇ ਲੋੜ ਅਨੁਸਾਰ ਹੀ ਖੁਰਾਕ ਪਦਾਰਥ ਤਿਆਰ ਕਰਨ ਲਈ ਵੀ ਹਦਾਇਤ ਕੀਤੀ ਗਈ, ਤਾਂ ਜੋ ਲੰਬੇ ਸਮੇਂ ਤੱਕ ਰੱਖੇ ਜਾਣ ਕਾਰਨ ਉਨ੍ਹਾਂ ਦੀ ਗੁਣਵੱਤਾ ਪ੍ਰਭਾਵਿਤ ਨਾ ਹੋਵੇ। ਫੂਡ ਸੇਫਟੀ ਵਿੰਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਂਚ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਨਿਯਮਾਂ ਦੀ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਫੁਡ ਸੇਫਟੀ ਐਂਡ ਸਟੈਂਡਰਡ ਐਕਟ 2006 ਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟੀਮ ਵਿੱਚ ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ (ਫੂਡ) ਤੇ ਸ਼੍ਰੀਮਤੀ ਮਹਿਕ ਸੈਣੀ, ਫੂਡ ਸੇਫਟੀ ਅਫ਼ਸਰ, ਸ਼ਾਮਲ ਸਨ।