ਪਿੰਡਾਂ ’ਚ ਕਈ ਥਾਈਂ ਅੱਜ ਵੀ ਲੋਕ ਜਗਾਉਂਦੇ ਨੇ ਲਾਲਟੈਨ ਪਿੰਡਾਂ ਵਿੱਚ ਕਈ ਜਗ੍ਹਾ ਅੱਜ ਵੀ ਲੋਕ ਜਗਾਉਂਦੇ ਹਨ ਲਾਲਟੇਨ, ਬਿਜਲੀ ਕੱਟਾਂ ਦੌਰਾਨ ਬਣਦੀ ਹੈ ਸਹਾਰਾ
Publish Date: Tue, 21 Jul 2026 10:02 PM (IST)
Updated Date: Tue, 21 Jul 2026 10:04 PM (IST)
ਬਿਜਲੀ ਕੱਟਾਂ ਦੌਰਾਨ ਬਣਦੀ ਹੈ ਸਹਾਰਾ, ਬੀਤੇ ਸਮੇਂ ਨਾਲ ਜੁੜੀਆਂ ਯਾਦਾਂ ਵੀ ਕਰਦੀ ਹੈ ਤਾਜ਼ਾ ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ ਗਰਮੀ ਦੇ ਦਿਨ ਆਉਂਦਿਆਂ ਹੀ ਬਿਜਲੀ ਕੱਟ ਸ਼ੁਰੂ ਹੋ ਜਾਂਦੇ ਹਨ ਤੇ ਬੀਤੇ ਦਿਨਾਂ ਤੋਂ ਫਗਵਾੜਾ ਦੇ ਪਿੰਡਾਂ ਵਿੱਚ ਲੱਗਦੇ ਲੰਬੇ-ਲੰਬੇ ਬਿਜਲੀ ਕੱਟਾਂ ਅਤੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਵੱਲੋਂ ਲਗਾਏ ਗਏ ਬਿਜਲੀ ਘਰਾਂ ਅੱਗੇ ਧਰਨਿਆਂ ਨੇ ਇੱਕ ਵਾਰ ਮੁੜ ਲਾਲਟੈਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਜ਼ਿਕਰਯੋਗ ਹੈ ਕਿ ਬੇਸ਼ੱਕ ਬਦਲਦੇ ਸਮੇਂ ਦੇ ਨਾਲ ਸ਼ਹਿਰੀ ਖੇਤਰਾਂ ਸਣੇ ਪਿੰਡਾਂ ਦੇ ਲੋਕਾਂ ਦੀ ਵੀ ਜੀਵਨ ਸ਼ੈਲੀ ਬਦਲੀ ਹੈ ਅਤੇ ਅੱਜ ਦਾ ਯੁੱਗ ਆਧੁਨਿਕ ਤਕਨੀਕ ਅਤੇ ਬਿਜਲੀ ਨਾਲ ਚੱਲਣ ਵਾਲੇ ਸਾਜ਼ੋ-ਸਾਮਾਨ ਦਾ ਹੈ, ਪਰ ਪੰਜਾਬ ਦੇ ਕਈ ਪਿੰਡਾਂ ਵਿੱਚ ਅੱਜ ਵੀ ਲਾਲਟੈਨ ਨੇ ਆਪਣੀ ਮਹੱਤਤਾ ਬਣਾਈ ਹੋਈ ਹੈ। ਖ਼ਾਸ ਕਰਕੇ ਜਦੋਂ ਬਿਜਲੀ ਦੀ ਸਪਲਾਈ ਲੰਬੇ ਸਮੇਂ ਲਈ ਬੰਦ ਹੋ ਜਾਂਦੀ ਹੈ ਤਾਂ ਲੋਕ ਲਾਲਟੈਨ ਜਗਾ ਕੇ ਆਪਣੇ ਘਰਾਂ ਵਿੱਚ ਰੌਸ਼ਨੀ ਕਰਦੇ ਹਨ। ਪਿੰਡਾਂ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ ਜਦੋਂ ਹਰ ਘਰ ਵਿੱਚ ਲਾਲਟੈਨ ਹੀ ਰਾਤ ਦੇ ਹਨੇਰੇ ਨੂੰ ਦੂਰ ਕਰਨ ਦਾ ਮੁੱਖ ਸਾਧਨ ਹੁੰਦੀ ਸੀ। ਅੱਜ ਭਾਵੇਂ ਇਨਵਰਟਰ, ਐੱਲਈਡੀ ਲਾਈਟਾਂ ਅਤੇ ਮੋਬਾਈਲ ਟਾਰਚਾਂ ਆ ਗਈਆਂ ਹਨ, ਫਿਰ ਵੀ ਕਈ ਪਰਿਵਾਰਾਂ ਨੇ ਲਾਲਟੈਨ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਲੋੜ ਪੈਣ ’ਤੇ ਇਸ ਦੀ ਵਰਤੋਂ ਕਰਦੇ ਹਨ ਜਿਸ ਨਾਲ ਬੀਤੇ ਸਮੇਂ ਨਾਲ ਜੁੜੀਆਂ ਕਈ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਹਨ। ਫਗਵਾੜਾ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਅਜੇ ਵੀ ਕਈ ਵਾਰ ਬਿਜਲੀ ਦੇ ਲੰਬੇ ਕੱਟ ਲੱਗ ਜਾਂਦੇ ਹਨ, ਜਿਸ ਕਾਰਨ ਲਾਲਟੈਨ ਅੱਜ ਵੀ ਇੱਕ ਭਰੋਸੇਮੰਦ ਸਾਧਨ ਸਾਬਤ ਹੁੰਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਪੇਂਡੂ ਖੇਤਰਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਬਦਲਦੇ ਸਮੇਂ ਦੇ ਨਾਲ ਲਾਲਟੈਨ ਦੀ ਵਰਤੋਂ ਘੱਟ ਹੋ ਗਈ ਹੈ, ਪਰ ਇਹ ਅੱਜ ਵੀ ਪੇਂਡੂ ਜੀਵਨ ਅਤੇ ਵਿਰਾਸਤ ਦਾ ਇੱਕ ਅਹਿਮ ਹਿੱਸਾ ਬਣੀ ਹੋਈ ਹੈ।