ਬੱਸ ਰੋਕ ਕੇ ਨੌਜਵਾਨ ਨੂੰ ਹੇਠਾਂ ਖਿੱਚਿਆ, ਦਾਤਰ-ਕਿਰਪਾਨਾਂ ਨਾਲ ਕੀਤਾ ਹਮਲਾ ਕਪੂਰਥਲਾ ਵਿੱਚ ਬੱਸ ਰੋਕ ਕੇ ਨੌਜਵਾਨ ਨੂੰ ਹੇਠਾਂ ਖਿੱਚਿਆ, ਦਾਤਰ-ਕਿਰਪਾਨਾਂ ਨਾਲ ਕੀਤਾ ਹਮਲਾ
Publish Date: Wed, 02 Sep 2026 08:32 PM (IST)
Updated Date: Thu, 03 Sep 2026 04:04 AM (IST)
- ਮੌਕੇ ਤੋਂ ਪੰਜ ਮੁਲਜ਼ਮ ਕਾਬੂ, ਥਾਣਾ ਕੋਤਵਾਲੀ ’ਚ ਐੱਫਆਈਆਰ ਦਰਜ ਕੈਪਸ਼ਨ: 2ਕੇਪੀਟੀ14 ਕਾਬੂ ਕੀਤੇ ਗਏ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਐੱਸਐੱਚਓ ਐੱਸਆਈ ਲਖਬੀਰ ਸਿੰਘ । ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ’ਚ ਪਿੰਡ ਭੀਲਾ ਦੇ ਬੱਸ ਅੱਡੇ ’ਤੇ ਉਸ ਸਮੇਂ ਅਫਰਾ-ਤਫਰੀ ਮਚ ਗਈ, ਜਦੋਂ ਕੁਝ ਨੌਜਵਾਨਾਂ ਨੇ ਬੱਸ ’ਚ ਸਵਾਰ 23 ਸਾਲਾ ਨੌਜਵਾਨ ਨੂੰ ਹੇਠਾਂ ਖਿੱਚ ਲਿਆ ਤੇ ਦਾਤਰ ’ਤੇ ਕਿਰਪਾਨਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਨੌਜਵਾਨ ਦੇ ਖੱਬੇ ਹੱਥ ਦੇ ਗੁੱਟ, ਸੱਜੀ ਲੱਤ ਤੇ ਕਮਰ ’ਤੇ ਸੱਟਾਂ ਲੱਗੀਆਂ ਹਨ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਪੰਜ ਨੌਜਵਾਨਾਂ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਦਾਤਰ ਤੇ ਇਕ ਕਿਰਪਾਨ ਬਰਾਮਦ ਕੀਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਧੰਮ ਵਾਸੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੀਟੀਯੂ ਤੋਂ ਮਾਸਟਰ ਡਿਗਰੀ ਕਰ ਚੁੱਕਾ ਹੈ ਤੇ ਜਲੰਧਰ ਦੇ ਗ੍ਰਾਈਂਡ ਮਾਲ ’ਚ ਇੰਜੀਨੀਅਰਿੰਗ ਦੀ ਇੰਟਰਨਸ਼ਿਪ ਕਰ ਰਿਹਾ ਹੈ। ਮੰਗਲਵਾਰ ਨੂੰ ਉਹ ਬੱਸ ਰਾਹੀਂ ਜਲੰਧਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ। ਸ਼ਾਮ ਕਰੀਬ ਸਾਢੇ ਪੰਜ ਵਜੇ ਬੱਸ ਭੀਲਾ ਮੋੜ ’ਤੇ ਸਵਾਰੀਆਂ ਉਤਾਰਨ ਅਤੇ ਚੜ੍ਹਾਉਣ ਲਈ ਰੁਕੀ। ਇਸੇ ਦੌਰਾਨ ਪੰਜ-ਛੇ ਨੌਜਵਾਨਾਂ ਨੇ ਉਸ ਨੂੰ ਬੱਸ ਵਿੱਚੋਂ ਹੇਠਾਂ ਖਿੱਚ ਲਿਆ। ਕਰੀਬ ਪੰਜ ਮਿੰਟ ਤੱਕ ਕਰਦੇ ਰਹੇ ਹਮਲਾ ਹਰਵਿੰਦਰ ਅਨੁਸਾਰ ਮੁਲਜ਼ਮ ਉਸ ਨੂੰ ਇੱਕ ਪਾਸੇ ਲੈ ਗਏ ਅਤੇ ਦਾਤਰ ਤੇ ਕਿਰਪਾਨਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਕ ਮੁਲਜ਼ਮ ਨੇ ਉਸ ਦੀ ਖੱਬੇ ਗੁੱਟ ’ਤੇ ਦਾਤਰ ਨਾਲ ਵਾਰ ਕੀਤਾ, ਜਿਸ ਕਾਰਨ ਡੂੰਘਾ ਜ਼ਖ਼ਮ ਹੋ ਗਿਆ। ਇਸ ਤੋਂ ਬਾਅਦ ਦਸਤੀ ਕਿਰਪਾਨ ਨਾਲ ਉਸ ਦੀ ਸੱਜੀ ਲੱਤ ’ਤੇ ਵਾਰ ਕੀਤਾ ਗਿਆ। ਜ਼ਮੀਨ ’ਤੇ ਡਿੱਗਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਲੱਕ ’ਤੇ ਵੀ ਕਈ ਵਾਰ ਕੀਤੇ। ਰੌਲਾ ਸੁਣ ਕੇ ਬੱਸ ਦੀਆਂ ਹੋਰ ਸਵਾਰੀਆਂ ਵੀ ਹੇਠਾਂ ਉਤਰ ਆਈਆਂ। ਲੋਕਾਂ ਨੇ ਹਰਵਿੰਦਰ ਨੂੰ ਮੁਲਜ਼ਮਾਂ ਤੋਂ ਛੁਡਵਾਇਆ ਤੇ ਮੌਕੇ ’ਤੇ ਪੰਜ ਨੌਜਵਾਨਾਂ ਨੂੰ ਕਾਬੂ ਕਰ ਲਿਆ। ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ। ਪੰਜ ਮੁਲਜ਼ਮਾਂ ਦੀ ਹੋਈ ਪਛਾਣ ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਰੂਪ ਅਨਮੋਲ ਪੁੱਤਰ ਹਰਜੀਤ ਸਿੰਘ, ਇੰਦਰਜੀਤ ਸਿੰਘ ਉਰਫ਼ ਈਸੂ ਪੁੱਤਰ ਬਲਜੀਤ ਸਿੰਘ ਅਤੇ ਰਾਜੇਸ਼ ਕੁਮਾਰ ਉਰਫ਼ ਹੈੱਪੀ ਪੁੱਤਰ ਦੇਸ਼ਰਾਜ, ਵਾਸੀ ਬੁੱਲੋਵਾਲ, ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ, ਜਸਵਿੰਦਰ ਸਿੰਘ ਉਰਫ਼ ਰਵੀ ਪੁੱਤਰ ਮਨੋਹਰ ਲਾਲ ਵਾਸੀ ਬੁਹਾਨੀ ਥਾਣਾ ਰਵਾਲਪਿੰਡੀ ਜ਼ਿਲ੍ਹਾ ਕਪੂਰਥਲਾ ਅਤੇ ਕਰਨ ਸਿੰਘ ਉਰਫ਼ ਕਰਨ ਪੁੱਤਰ ਸਲਿੰਦਰ ਸਿੰਘ ਵਾਸੀ ਆਰੀਆ ਨਗਰ, ਕਰਤਾਰਪੁਰ, ਜਲੰਧਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮੁਲਜ਼ਮ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਅਤੇ ਉਸ ਦੇ ਹੱਥ-ਪੈਰ ਕੱਟਣ ਦੀ ਨੀਅਤ ਨਾਲ ਹਮਲਾ ਕੀਤਾ। ਪੁਲਿਸ ਵੱਲੋਂ ਕਰਵਾਏ ਗਏ ਮੈਡੀਕਲ ਦੌਰਾਨ ਹਰਵਿੰਦਰ ਦੇ ਸਰੀਰ ’ਤੇ ਕੁੱਲ ਨੌਂ ਸੱਟਾਂ ਪਾਈਆਂ ਗਈਆਂ। ਇਨ੍ਹਾਂ ’ਚੋਂ ਚਾਰ ਸੱਟਾਂ ਨੂੰ ਐਕਸਰੇ ਲਈ ਰੱਖਿਆ ਗਿਆ ਹੈ। ਡਾਕਟਰ ਨੇ ਹਰਵਿੰਦਰ ਨੂੰ ਬਿਆਨ ਦੇਣ ਲਈ ਫਿੱਟ ਐਲਾਨਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਬਿਆਨ ਦਰਜ ਕੀਤਾ। ਥਾਣਾ ਕੋਤਵਾਲੀ ਕਪੂਰਥਲਾ ਪੁਲਿਸ ਨੇ ਸ਼ਿਕਾਇਤ ਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਬੀਐੱਨਐੱਸ ਦੀਆਂ ਧਾਰਾਵਾਂ 109, 115(2), 118(1), 191(3) ਤੇ 190 ਤਹਿਤ ਕੇਸ ਦਰਜ ਕਰ ਲਿਆ ਹੈ । ਥਾਣਾ ਕੋਤਵਾਲੀ ਦੇ ਐੱਸਐੱਚਓ ਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਮਲੇ ਦੇ ਕਾਰਨਾਂ ਅਤੇ ਵਾਰਦਾਤ ਵਿੱਚ ਮੁਲਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।