ਬੰਦੀ ਸਿੰਘਾਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ : ਡੋਗਰਾਂਵਾਲ, ਬੀਬੀ ਰੂਹੀ ਬੰਦੀ ਸਿੰਘਾ ਨੂੰ ਤਰੁੰਤ ਰਿਹਾਅ ਕੀਤਾ ਜਾਵੇ : ਡੋਗਰਾਵਾਲ, ਬੀਬੀ ਰੂਹੀ
Publish Date: Sat, 29 Aug 2026 09:29 PM (IST)
Updated Date: Sat, 29 Aug 2026 09:31 PM (IST)
ਅਕਾਲ ਤਖਤ ਦੇ ਹੁਕਮਾਂ ਅਨੁਸਾਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸਾਬਕਾ ਮੈਬਰ ਬੀਬੀ ਭਜਨ ਕੌਰ ਡੋਗਰਾਂਵਾਲ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਬੰਦੀ ਸਿੰਘਾਂ ਦੀ ਰਿਹਾਈ ਲਈ 27 ਅਗਸਤ ਨੂੰ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਸਵੇਰੇ 10 ਵਜੇ ਆਰੰਭ ਹੋਏ ਤੇ ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਤੇ ਗੁਰਦੁਆਰਾ ਬੇਰ ਸਾਹਿਬ ਦੇ ਹਜੂਰੀ ਕਥਾ ਵਾਚਕ ਗਿਆਨੀ ਕਰਨਜੀਤ ਸਿੰਘ ਆਹਲੀ ਤੇ ਭਾਈ ਤਾਰਜੀਤ ਸਿੰਘ, ਭਾਈ ਜਸਪਾਲ ਸਿੰਘ ਭਾਗੋ ਨੇ ਮਿਲ ਕੇ ਬਹੁਤ ਹੀ ਮਿੱਠੀ ਆਵਾਜ ਵਿਚ ਸਰਵਣ ਕਰਵਾਏ। ਉਪਰੰਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੁੱਖ ਰਾਗੀ ਭਾਈ ਦਿਲਬਾਗ ਸਿੰਘ ਬੂਲਪੁਰ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ। ਇਸ ਉਪਰੰਤ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਨੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ ਤੇ ਗੁਰਬਾਣੀ ਦਾ ਹੁਕਮਨਾਮਾ ਸਰਵਣ ਕਰਵਾਇਆ। ਭਾਈ ਕਰਨਜੀਤ ਸਿੰਘ ਆਹਲੀ ਨੇ ਹੁਕਮਨਾਮੇ ਦੀ ਸੰਖੇਪ ਕਥਾ ਕੀਤੀ। ਉਪਰੰਤ ਆਯੋਜਿਤ ਸਮਾਗਮ ਨੂੰ ਸ਼੍ਰੋਮਣੀ ਕਮੇਟੀ ਦੀ ਹਲਕਾ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ ਨੇ ਸੰਬੋਧਨ ਕੀਤਾ। ਜਥੇ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਲੰਮੇ ਸਮੇਂ ਤੋਂ ਜ਼ੇਲ੍ਹਾਂ ਵਿਚ ਨਜ਼ਰਬੰਦ ਹਨ। ਤਿੰਨ-ਤਿੰਨ ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਗੁਜ਼ਾਰ ਚੁੱਕੇ ਸਿੰਘਾਂ ਦੇ ਮਾਮਲੇ ਵਿਚ ਵੀ ਜੇਕਰ ਕਾਨੂੰਨੀ ਤੇ ਸੰਵਿਧਾਨਕ ਹੱਕ ਅਨੁਸਾਰ ਰਿਹਾਈ ਨਹੀਂ ਹੁੰਦੀ ਤਾਂ ਇਹ ਗੰਭੀਰ ਸਵਾਲ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਸੇ ਇਕ ਵਿਅਕਤੀ ਜਾਂ ਸੰਸਥਾ ਦਾ ਮਾਮਲਾ ਨਹੀਂ, ਸਗੋਂ ਸਮੁੱਚੇ ਪੰਥ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ। ਇਸ ਸਮੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਅਰਦਾਸ ਸਮਾਗਮ ਦੀ ਗੱਲ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਕੌਮ ਅੰਦਰ ਚੇਤਨਾ ਪੈਦਾ ਕਰਦੇ ਹਨ। ਇਸ ਨਾਲ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦੀ ਕੁਰਬਾਨੀ ਤੇ ਉਨ੍ਹਾਂ ਨਾਲ ਹੋ ਰਹੀ ਬੇਇਨਸਾਫ਼ੀ ਸਬੰਧੀ ਅਵਾਜ਼ ਹੋਰ ਬੁਲੰਦ ਹੋਵੇਗੀ। ਬੀਬੀ ਰੂਹੀ ਨੇ ਕਿਹਾ ਕਿ ਸਿੱਖਾਂ ਨਾਲ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦੇ ਰਾਹ ਤੁਰੇ ਬੰਦੀ ਸਿੰਘਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਦਹਾਕੇ ਜੇਲ੍ਹਾਂ ਦੀ ਚਾਰਦੀਵਾਰੀ ਵਿਚ ਬਿਤਾਅ ਦਿੱਤੇ ਹਨ, ਪ੍ਰੰਤੂ ਸਰਕਾਰਾਂ ਵੱਲੋਂ ਸਿੱਖਾਂ ਨਾਲ ਹਮੇਸ਼ਾਂ ਬੇਇਨਸਾਫ਼ੀ ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨਾਲ ਸਬੰਧਤ ਮਾਮਲਿਆਂ ’ਤੇ ਸਰਕਾਰ ਦੀ ਨੀਤੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦਾ ਕਿਸੇ ਨਾਲ ਮੁਕਾਬਲਾ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਬੰਦੀ ਸਿੰਘਾਂ ਦੀ ਕਿਸੇ ਨਾਲ ਤੁਲਨਾ ਨਹੀਂ ਕਰਦੀ, ਸਗੋਂ ਇਕਸਾਰ ਇਨਸਾਫ਼ ਦੀ ਮੰਗ ਕਰ ਰਹੀ ਹੈ। ਜੇਕਰ ਕਾਨੂੰਨ ਸਭ ਲਈ ਇਕ ਹੈ, ਤਾਂ ਉਸ ਦੀ ਵਰਤੋਂ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਇਸੇ ਦੇਸ਼ ਵਿਚ ਘਿਨੌਣੇ ਅਪਰਾਧਾਂ ’ਚ ਸਜ਼ਾ ਕੱਟ ਰਹੇ ਵਿਅਕਤੀ ਨੂੰ ਤਾਂ ਸਾਲ ਵਿਚ ਕਈ ਵਾਰ ਪੈਰੋਲ ਦਿੱਤੀ ਜਾਂਦੀ ਹੈ, ਪ੍ਰੰਤੂ ਬੰਦੀ ਸਿੰਘਾਂ ਦੇ ਮਾਮਲੇ ਵਿਚ ਹਮੇਸ਼ਾ ਵਿਤਕਰਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਬਿਮਾਰ ਮਾਤਾ ਨਾਲ ਮਿਲਣ ਤੱਕ ਲਈ ਕੁਝ ਦਿਨ ਵੀ ਨਹੀਂ ਦਿੱਤੇ ਜਾ ਰਹੇ। ਇਸੇ ਤਰ੍ਹਾਂ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਵੀ ਸਰਕਾਰ ਦੀ ਪਹੁੰਚ ਹਮੇਸ਼ਾ ਵਿਤਕਰੇ ਵਾਲੀ ਹੀ ਰਹੀ ਹੈ। ਇਸ ਸਮੇ ਸਮਾਗਮ ਵਿਚ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ, ਗਿਆਨੀ ਕਰਨਜੀਤ ਸਿੰਘ ਆਹਲੀ ਹਜ਼ੂਰੀ ਕਥਾ ਵਾਚਕ, ਸ੍ਰੀ ਅਖੰਡ ਪਾਠਾਂ ਇੰਚਾਰਜ ਦਿਲਬਾਗ ਸਿੰਘ ਤੇ ਗੁਰਜੋਤ ਸਿੰਘ, ਜਥੇਦਾਰ ਗੁਰਦਿਆਲ ਸਿੰਘ ਖਾਲਸਾ ਮੈਂਬਰ ਪੀਏਸੀ ਅਕਾਲੀ ਦਲ, ਜਥੇ ਰਣਜੀਤ ਸਿੰਘ ਆਹਲੀ ਮੈਂਬਰ ਪੀਏਸੀ ਅਕਾਲੀ ਦਲ, ਜਥੇ ਕੁਲਦੀਪ ਸਿੰਘ ਬੂਲੇ ਪ੍ਰਧਾਨ ਦੋਆਬਾ ਜ਼ੋਨ, ਮਨਜੀਤ ਸਿੰਘ ਗੋਲਡੀ ਸਰਪੰਚ ਪਿੰਡ ਡੌਲਾ, ਭਾਈ ਦਿਲਬਾਗ ਸਿੰਘ ਬੂਲਪੁਰ ਰਾਗੀ ਜੱਥਾ, ਸੁਖਜਿੰਦਰ ਸਿੰਘ ਭਗਤਪੁਰ, ਸਿਮਰਨਜੀਤ ਧੀਰ ਸਾਬਕਾ ਕੌਸਲਰ, ਦਿਲਬਾਗ ਸਿੰਘ, ਅੰਮ੍ਰਿਤ ਪਾਲ ਸਿੰਘ, ਬੀਬੀ ਬਲਜੀਤ ਕੌਰ ਕਮਾਲਪੁਰ, ਮੋਹਨ ਸਿੰਘ ਰੀਡਰ ਮਿਰਜ਼ਾਪੁਰ ਸਰਪੰਚ, ਸਤਨਾਮ ਸਿੰਘ ਰਾਮੇ ਮੈਂਬਰ ਪੀਏਸੀ, ਜਥੇ. ਦਿਆਲ ਸਿੰਘ ਦੀਪੇਵਾਲ ਆਰਏ, ਰਘਬੀਰ ਸਿੰਘ ਪ੍ਰਧਾਨ, ਜਥੇ ਇੰਦਰ ਸਿੰਘ ਲਾਟੀਆ ਵਾਲ, ਬੀਬੀ ਬਲਵਿੰਦਰ ਕੌਰ, ਭਾਈ ਤਰਜੀਤ ਸਿੰਘ, ਭਾਈ ਜਸਪਾਲ ਸਿੰਘ ਭਾਗੋ, ਸੁਖਦੇਵ ਸਿੰਘ ਲਾਡੀ ਸਾਬਕਾ ਮੈਬਰ ਬਲਾਕ ਸੰਮਤੀ, ਤਰਲੋਚਨ ਸਿੰਘ ਨੰਡਾ ਹੈਬਤਪੁਰ, ਨੰਬਰਦਾਰ ਯੂਨੀਅਨ ਦੇ ਆਗੂ ਸੁਰਿੰਦਰਪਾਲ ਸਿੰਘ ਸੋਢੀ, ਮੈਨੇਜਰ ਅਵਤਾਰ ਸਿੰਘ, ਜਸਵਿੰਦਰ ਸਿੰਘ ਰਿਕਾਰਡ ਕੀਪਰ ਤੇ ਹੋਰ ਸਮੇਤ ਸਮੂਹ ਸਟਾਫ਼ ਤੇ ਸੰਗਤਾਂ ਨੇ ਹਾਜ਼ਰੀ ਭਰੀ ਤੇ ਗੁਰੂ ਚਰਨਾਂ ਵਿੱਚ ਅਰਦਾਸ-ਬੇਨਤੀ ਕੀਤੀ।