ਅੰਬੇਦਕਰ ਆਰਮੀ ਵੱਲੋਂ ਸਿੱਖਿਆ ਦੇ ਪਸਾਰ ਲਈ ਵੱਡੇ ਐਲਾਨ ਡਾ. ਬੀਆਰ ਅੰਬੇਦਕਰ ਆਰਮੀ ਵੱਲੋਂ ਪਿੰਡ ਫੱਤੂਢੀਂਗਾ ਵਿਖੇ ਅਹਿਮ ਮੀਟਿੰਗ; ਸਿੱਖਿਆ ਦੇ ਪਾਸਾਰ ਲਈ ਵੱਡੇ ਐਲਾਨ
Publish Date: Sun, 13 Sep 2026 08:20 PM (IST)
Updated Date: Sun, 13 Sep 2026 08:23 PM (IST)
ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕੇਗੀ ਜਥੇਬੰਦੀ : ਕੁਲਵੰਤ ਬਾਬਾ ਸਾਹਿਬ ਦੇ ‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ਦੇ ਸਿਧਾਂਤ ’ਤੇ ਚੱਲਣ ਦਾ ਸੱਦਾ ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਡਾ. ਬੀਆਰ ਅੰਬੇਡਕਰ ਆਰਮੀ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਸੁੱਖਾ ਪੰਮਣ ਦੀ ਯੋਗ ਅਗਵਾਈ ਹੇਠ ਪਿੰਡ ਫੱਤੂਢੀਂਗਾ ਵਿਖੇ ਇੱਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੰਤ ਢੰਡੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਹਾਜ਼ਰ ਇਕੱਠ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕੁਲਵੰਤ ਢੰਡੋਵਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਰਹਿਬਰ-ਏ-ਆਜ਼ਮ ਡਾ. ਭੀਮ ਰਾਓ ਅੰਬੇਡਕਰ ਜੀ ਦੇ ਦੱਸੇ ਹੋਏ ਮਾਰਗ ਤੇ ਉਨ੍ਹਾਂ ਦੇ ਵਿਚਾਰਾਂ ਤੇ ਚੱਲਣ ਦੀ ਸਖ਼ਤ ਲੋੜ ਹੈ। ਉਨ੍ਹਾਂ ਬਾਬਾ ਸਾਹਿਬ ਦੇ ਇਤਿਹਾਸਕ ਸੰਦੇਸ਼ ‘ਪੜ੍ਹੋ, ਲਿਖੋ, ਜੁੜੋ, ਸੰਘਰਸ਼ ਕਰੋ ਤੇ ਅੱਗੇ ਵਧੋ’ ਨੂੰ ਦੁਹਰਾਉਂਦਿਆਂ ਕਿਹਾ ਕਿ ਸਿੱਖਿਆ ਹੀ ਸਮਾਜ ਵਿੱਚ ਤਬਦੀਲੀ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਮੌਕੇ ਇੱਕ ਵੱਡਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕਿਸੇ ਵੀ ਗਰੀਬ ਜਾਂ ਲੋੜਵੰਦ ਬੱਚੇ ਨੂੰ ਕਿਤਾਬਾਂ, ਵਰਦੀਆਂ ਜਾਂ ਪੜ੍ਹਾਈ ਦੀ ਕਿਸੇ ਹੋਰ ਸਮੱਗਰੀ ਦੀ ਲੋੜ ਹੋਵੇਗੀ, ਤਾਂ ਉਸ ਦਾ ਸਾਰਾ ਖ਼ਰਚਾ ਡਾ. ਬੀਆਰ ਅੰਬੇਡਕਰ ਆਰਮੀ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਸਮਾਜ ਦਾ ਹਰ ਬੱਚਾ ਉੱਚ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੇ ਵੱਡੇ-ਵੱਡੇ ਅਹੁਦਿਆਂ ’ਤੇ ਬੈਠੇ ਤੇ ਜਥੇਬੰਦੀ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੀਟਿੰਗ ਦੌਰਾਨ ਜਥੇਬੰਦੀ ਦੇ ਢਾਂਚੇ ਨੂੰ ਮਜ਼ਬੂਤ ਕਰਦਿਆਂ ਪਿੰਡ ਫੱਤੂਢੀਂਗਾ ਤੋਂ ਬੀਬੀ ਦਵਿੰਦਰ ਕੌਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਸਮੂਹ ਹਾਜ਼ਰ ਆਗੂਆਂ ਨੇ ਨਵ-ਨਿਯੁਕਤ ਪ੍ਰਧਾਨ ਨੂੰ ਵਧਾਈ ਦਿੱਤੀ। ਇਸ ਮੌਕੇ ਯੂਥ ਪ੍ਰਧਾਨ ਪੰਜਾਬ ਸੁੱਖਾ ਪੰਮਣ, ਸੰਗਤ ਸਿੰਘ ਰੰਧਾਵਾ, ਲਛਮੀ ਕਾਂਤ, ਸੋਨੂ, ਪਰਮਜੀਤ ਸਿੰਘ ਜੱਬੋਵਾਲ, ਗਗਨ ਢੰਡੋਵਾਲ, ਵਿਜੇ ਕੁਮਾਰ, ਸੋਨੀ ਸਹੋਤਾ, ਕੁਲਦੀਪ ਸਿੰਘ, ਮਨੀ, ਰੋਸ਼ੀ, ਮੰਗਤ ਰਾਮ ਸਮੇਤ ਮਹਿਲਾ ਵਿੰਗ ਵੱਲੋਂ ਰਾਜ ਕੌਰ, ਬਲਵੀਰ ਕੌਰ, ਹਰਪ੍ਰੀਤ ਕੌਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਪਤਵੰਤੇ ਸੱਜਣ ਮੌਜੂਦ ਸਨ।