ਇਤਿਹਾਸਕ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਇਤਿਹਾਸਕ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਚੱਕ ਹਕੀਮ ਫਗਵਾੜਾ ਵਿਖੇ ਹੋਈ ਅਹਿਮ ਮੀਟਿੰਗ
Publish Date: Tue, 15 Sep 2026 07:28 PM (IST)
Updated Date: Tue, 15 Sep 2026 07:29 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਤੇ ਬੇਗਮਪੁਰਾ ਦੇ ਸੰਕਲਪ ਨੂੰ ਸਮਰਪਿਤ 24 ਤੇ 25 ਅਕਤੂਬਰ ਨੂੰ ਪਿੰਡ ਪਮਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸਜਾਏ ਜਾਣ ਵਾਲੇ ਇਤਿਹਾਸਕ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ, ਚੱਕ ਹਕੀਮ ਫਗਵਾੜਾ ਵਿਖੇ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਮੰਦਰ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਯਸ਼ ਬਰਨਾ ਨੇ ਕੀਤੀ। ਮੀਟਿੰਗ ਦੌਰਾਨ ਨਗਰ ਕੀਰਤਨ ਦੇ ਰੂਟ, ਸੰਗਤਾਂ ਦੀ ਸ਼ਮੂਲੀਅਤ, ਰਸਤੇ ਵਿੱਚ ਸਵਾਗਤ, ਸੇਵਾ ਪ੍ਰਬੰਧਾਂ ਤੇ ਨਗਰ ਕੀਰਤਨ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਨਗਰ ਕੀਰਤਨ ਦੇ ਪ੍ਰਬੰਧਕਾਂ ਜਸਵੀਰ ਸਿੰਘ ਪਮਾਲੀ ਤੇ ਤਰਸੇਮ ਲਾਲ ਚੁੰਬਰ ਆਦਿ ਨੇ ਦੱਸਿਆ ਕਿ 24 ਅਕਤੂਬਰ ਨੂੰ ਪਿੰਡ ਪਮਾਲੀ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਤੇ ਰਾਤ ਨੂੰ ਜਲੰਧਰ ਵਿਖੇ ਵਿਸ਼ੇਸ਼ ਧਾਰਮਿਕ ਸਟੇਜ ਕਰਵਾਈ ਜਾਵੇਗੀ। 25 ਅਕਤੂਬਰ ਨੂੰ ਸਵੇਰੇ ਜਲੰਧਰ ਤੋਂ ਯਾਤਰਾ ਮੁੜ ਸ਼ੁਰੂ ਹੋ ਕੇ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਪੰਨ ਹੋਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੋਹਨ ਲਾਲ ਭਟੋਏ, ਬਲਵੀਰ ਸਿੰਘ ਖਾਲਸਾ ਤੇ ਰਜਿੰਦਰ ਸਿੰਘ ਰਾਜੂ ਜੋਧਾਂ, ਪ੍ਰਧਾਨ ਬੇਗਮਪੁਰਾ ਸੇਵਾ ਦਲ ਵੀ ਹਾਜ਼ਰ ਸਨ।