ਵਿਸ਼ਵ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਵੱਲੋਂ ਅਹਿਮ ਨਿਯੁਕਤੀਆਂ ਵਿਸ਼ਵ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਵੱਲੋਂ ਅਹਿਮ ਨਿਯੁਕਤੀਆਂ
Publish Date: Mon, 12 Oct 2026 08:57 PM (IST)
Updated Date: Mon, 12 Oct 2026 08:59 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਸ਼ਵ ਸੂਫ਼ੀ ਸੰਤ ਸਮਾਜ ਭਲਾਈ ਬੋਰਡ ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ ਵੱਲੋਂ ਦਵਿੰਦਰ ਭਗਤ ਨੂੰ ਜ਼ਿਲ੍ਹਾ ਕਪੂਰਥਲਾ ਦਾ ਚੇਅਰਮੈਨ, ਸਤਨਾਮ ਸਿੰਘ ਸੋਢੀ (ਬਾਬਾ ਜੀ) ਨੂੰ ਜ਼ਿਲ੍ਹਾ ਪ੍ਰਧਾਨ ਤੇ ਅਸ਼ੋਕ ਕੁਮਾਰ ਨੂੰ ਤਹਿਸੀਲ ਸੁਲਤਾਨਪੁਰ ਲੋਧੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੀਪ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਨਵੀਆਂ ਨਿਯੁਕਤੀਆਂ ਉਪਰੰਤ ਬਾਬਾ ਦੀਪਕ ਸ਼ਾਹ ਤੇ ਬੋਰਡ ਦੇ ਹੋਰ ਅਹੁਦੇਦਾਰਾਂ ਨੇ ਨਵ-ਨਿਯੁਕਤ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਹੋਏ ਬੋਰਡ ਦੀਆਂ ਗਤੀਵਿਧੀਆਂ ਨੂੰ ਹੋਰ ਵਿਸਥਾਰ ਦੇਣਗੇ ਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣਗੇ। ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਦਵਿੰਦਰ ਭਗਤ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੋਢੀ (ਬਾਬਾ ਜੀ) ਤੇ ਤਹਿਸੀਲ ਪ੍ਰਧਾਨ ਅਸ਼ੋਕ ਕੁਮਾਰ ਨੇ ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ ਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਹੜੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਹ ਉਨ੍ਹਾਂ ਨੂੰ ਪੂਰੀ ਇਮਾਨਦਾਰੀ, ਲਗਨ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਸਮਾਜ ਪ੍ਰਤੀ ਵੱਡੀ ਜ਼ਿੰਮੇਵਾਰੀ ਵੀ ਹਨ, ਜਿਸ ਨੂੰ ਉਹ ਪੂਰੀ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੂਫ਼ੀ ਸੰਤਾਂ ਦੀਆਂ ਸਿੱਖਿਆਵਾਂ ਮਨੁੱਖਤਾ ਨਾਲ ਪਿਆਰ, ਆਪਸੀ ਭਾਈਚਾਰੇ, ਏਕਤਾ ਤੇ ਸ਼ਾਂਤੀ ਦਾ ਸੰਦੇਸ਼ ਦਿੰਦੀਆਂ ਹਨ। ਇਨ੍ਹਾਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਕਰਨ, ਸਮਾਜ ਵਿੱਚ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਤੇ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਵਧਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਬੋਰਡ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਸਰਗਰਮ ਬਣਾਉਣ ਲਈ ਸਮੂਹ ਅਹੁਦੇਦਾਰਾਂ ਤੇ ਸੇਵਾਦਾਰਾਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਬੋਰਡ ਦੇ ਸਰਪ੍ਰਸਤ ਬਾਬਾ ਸ਼ਿੰਗਾਰਾ ਸਿੰਘ, ਡਾਇਰੈਕਟਰ ਸਾਈ ਨਰਿੰਦਰ ਸਿੰਘ ਜੱਗਾ, ਦੁਆਬਾ ਜ਼ੋਨ ਦੇ ਚੇਅਰਮੈਨ ਬਾਬਾ ਰਕੇਸ਼ ਅਗਰਵਾਲ ਬੱਲੀ ਬਾਬਾ ਜੀ, ਜ਼ਿਲ੍ਹਾ ਪ੍ਰਧਾਨ ਬਾਬਾ ਸੌਖਾ ਜੀ, ਉਪ ਚੇਅਰਮੈਨ ਸਾਈ ਪਵਨ ਚਿਸਤੀ ਜੀ, ਚੇਅਰਮੈਨ ਬਾਬਾ ਰਾਣਾ ਜੀ, ਬਾਬਾ ਅਸ਼ੋਕ ਜੀ, ਬਾਬਾ ਸੋਢੀ ਜੀ, ਬੋਰਡ ਦੇ ਹਲਕਾ ਇੰਚਾਰਜ ਸਾਈ ਮੰਗਲ ਸਿੰਘ ਜੀ, ਬਾਬਾ ਸੰਤਾ ਭਗਤ ਸਿੰਘ ਜੀ, ਦੁਆਬਾ ਜ਼ੋਨ ਦੇ ਉਪ ਚੇਅਰਮੈਨ ਸਾਈ ਸਿਕੰਦਰ ਜੀ, ਬਾਬਾ ਰਕੇਸ਼ ਰਜ਼ਾ ਕਾਦਰੀ ਜੀ, ਬਾਬਾ ਜਸਬੀਰ ਸਿੰਘ ਜੀ, ਬਾਬਾ ਸੁਖਵਿੰਦਰ ਸਿੰਘ ਨਾਗਵੰਸ਼ੀ ਤੇ ਸੇਵਾਦਾਰ ਸ਼ੁਭਮ ਸਮੇਤ ਹੋਰ ਪਤਵੰਤੇ ਹਾਜ਼ਰ ਸਨ।