ਪੌਣ-ਪਾਣੀ ਤਬਦੀਲੀ ਤੋਂ ਬਚਾਅ ਲਈ ਗੁਰਬਾਣੀ ’ਤੇ ਅਮਲ ਕਰਨਾ ਸਮੇਂ ਦੀ ਲੋੜ : ਸੰਤ ਸੀਚੇਵਾਲ ਜਲਵਾਯੂ ਪਰਿਵਰਤਨ ਤੋਂ ਬਚਾਅ ਲਈ ਗੁਰਬਾਣੀ ’ਤੇ ਅਮਲ ਕਰਨਾ ਸਮੇਂ ਦੀ ਲੋੜ: ਸੰਤ ਸੀਚੇਵਾਲ
Publish Date: Wed, 26 Aug 2026 08:35 PM (IST)
Updated Date: Wed, 26 Aug 2026 08:37 PM (IST)
ਸੰਤ ਸੀਚੇਵਾਲ ਨੇ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 83ਵੀਂ ਬਰਸੀ ਸਮਾਗਮ ’ਚ ਕੀਤੀ ਸ਼ਿਰਕਤ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇੰਗਲੈਂਡ ਵਿਖੇ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 83ਵੀਂ ਬਰਸੀ ਨੂੰ ਸਮਰਪਿਤ ਸਮਾਗਮ ਵਿੱਚ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਅਮਲ ਕਰਨ ਅਤੇ ਵਾਤਾਵਰਨ ਦੀ ਸੰਭਾਲ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਸਾਨੂੰ ਸੇਵਾ, ਸਿਮਰਨ, ਪਰਉਪਕਾਰ ਅਤੇ ਮਨੁੱਖਤਾ ਦੀ ਭਲਾਈ ਦਾ ਰਾਹ ਦਿਖਾਉਂਦੀ ਹੈ। ਅੱਜ ਜਦੋਂ ਪੂਰੀ ਦੁਨੀਆ ਪੌਣ-ਪਾਣੀ ਤਬਦੀਲੀ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਤਾਂ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਦੇ ਸੁਨੇਹੇ ’ਤੇ ਅਮਲ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀ ਪਿਛਲੇ ਕਈ ਦਹਾਕਿਆਂ ਤੋਂ ਦੁਨੀਆ ਨੂੰ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਕੁਦਰਤ ਨਾਲ ਲਗਾਤਾਰ ਛੇੜਛਾੜ ਅਤੇ ਵਾਤਾਵਰਨ ਦਾ ਵਿਨਾਸ਼ ਮਨੁੱਖਤਾ ਲਈ ਵੱਡੇ ਸੰਕਟ ਪੈਦਾ ਕਰੇਗਾ। ਅੱਜ ਇਹ ਚਿਤਾਵਨੀਆਂ ਹਕੀਕਤ ਬਣ ਕੇ ਸਾਡੇ ਸਾਹਮਣੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਇਲਾਕੇ ਕਦੇ ਬਰਫ਼ ਨਾਲ ਢਕੇ ਰਹਿੰਦੇ ਸਨ, ਉੱਥੇ ਅੱਜ ਗਰਮੀ ਦੇ ਰਿਕਾਰਡ ਟੁੱਟ ਰਹੇ ਹਨ। ਬਰਫ਼ੀਲੇ ਪਹਾੜ ਤੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਸਮੁੰਦਰਾਂ ਦਾ ਪੱਧਰ ਵਧਣ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਕਿਤੇ ਸੋਕਾ ਅਤੇ ਕਿਤੇ ਭਿਆਨਕ ਹੜ੍ਹ ਆ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਪਹਿਲਾਂ ਹੀ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਸਮਝਾ ਦਿੱਤੀ ਸੀ। ਪਰ ਅੱਜ ਅਸੀਂ ਗੁਰਬਾਣੀ ਨੂੰ ਪੜ੍ਹ ਤਾਂ ਰਹੇ ਹਾਂ ਪਰ ਉਸ ’ਤੇ ਅਮਲ ਨਹੀਂ ਕਰ ਰਹੇ। ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਸੰਭਾਲ ਕਰਨ ਅਤੇ ਕੁਦਰਤ ਨਾਲ ਆਪਣੀ ਸਾਂਝ ਨੂੰ ਮੁੜ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਤ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਕੁਦਰਤ ਦੀ ਸੇਵਾ ਦਾ ਸੰਕਲਪ ਲੈਣਾ ਮਹਾਂਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਰਬ ਧਰਮ ਸੰਮੇਲਨ ’ਚ ਦਿੱਤਾ ਸਾਂਝੀਵਾਲਤਾ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ ਐਵਾਨ-ਏ-ਦੀਵਾਨ-ਏ-ਹਜ਼ੂਰੀ ਚੈਰੀਟੇਬਲ ਟਰੱਸਟ ਵੱਲੋਂ ਕੁਵੈਂਟਰੀ ਵਿਖੇ ਕਰਵਾਏ ਸਰਬ ਧਰਮ ਸੰਮੇਲਨ ਵਿੱਚ ਵੀ ਸੰਤ ਸੀਚੇਵਾਲ ਨੇ ਸ਼ਿਰਕਤ ਕੀਤੀ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ, ਮਨੁੱਖੀ ਏਕਤਾ ਅਤੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਸਾਂਝਾ ਕਰਦਿਆਂ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਉਹਨਾਂ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ।