ਖ਼ਬਰ ਦਾ ਅਸਰ : ਰਾਣੀਪੁਰ ਸੇਵਾ ਕੇਂਦਰ ’ਚ ਰਜਾਈਆਂ-ਤਲਾਈਆਂ ਦੀ ਵਿਕਰੀ ਬੰਦ ਖ਼ਬਰ ਦਾ ਅਸਰ: ਰਾਣੀਪੁਰ ਸੇਵਾ ਕੇਂਦਰ ਵਿੱਚ ਰਜਾਈਆਂ-ਤਲਾਈਆਂ ਦੀ ਵਿਕਰੀ ਬੰਦ
Publish Date: Thu, 08 Oct 2026 06:57 PM (IST)
Updated Date: Thu, 08 Oct 2026 06:59 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਬਣਾਏ ਗਏ ਪਿੰਡ ਰਾਣੀਪੁਰ ਕੰਬੋਆਂ ਦੇ ਸੇਵਾ ਕੇਂਦਰ ਵਿੱਚ ਚੱਲ ਰਹੀ ਰਜਾਈਆਂ ਤੇ ਤਲਾਈਆਂ ਦੀ ਵਿਕਰੀ ਆਖ਼ਰਕਾਰ ਬੰਦ ਹੋ ਗਈ ਹੈ। ਸੇਵਾ ਕੇਂਦਰ ਦੇ ਅੰਦਰ ਹੀ ਇੱਕ ਪ੍ਰਵਾਸੀ ਵਪਾਰੀ ਵੱਲੋਂ ਗਰਮ ਰਜਾਈਆਂ ਤੇ ਤਲਾਈਆਂ ਰੱਖ ਕੇ ਦੁਕਾਨ ਚਲਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਸਬੰਧੀ ਪੰਜਾਬੀ ਜਾਗਰਣ ਵੱਲੋਂ ਬੀਤੇ ਦਿਨ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੁਣ ਸੇਵਾ ਕੇਂਦਰ ਦੇ ਅੰਦਰੋਂ ਰਜਾਈਆਂ ਤੇ ਤਲਾਈਆਂ ਦਾ ਸਾਮਾਨ ਹਟਾ ਦਿੱਤਾ ਗਿਆ ਹੈ ਤੇ ਇੱਥੇ ਹੋ ਰਹੀ ਵਿਕਰੀ ਵੀ ਬੰਦ ਹੋ ਗਈ ਹੈ। ਇਸ ਕਾਰਵਾਈ ਨੂੰ ਪੰਜਾਬੀ ਜਾਗਰਣ ਵੱਲੋਂ ਉਠਾਏ ਗਏ ਮੁੱਦੇ ਦਾ ਅਸਰ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਦੀਆਂ ਸਰਕਾਰੀ ਸੇਵਾਵਾਂ ਨਾਲ ਸਬੰਧਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਏ ਗਏ ਸੇਵਾ ਕੇਂਦਰ ਦੀ ਇਮਾਰਤ ਕਾਫ਼ੀ ਸਮੇਂ ਤੋਂ ਬੰਦ ਪਈ ਸੀ। ਇਸ ਦੌਰਾਨ ਸੇਵਾ ਕੇਂਦਰ ਦੇ ਅੰਦਰ ਹੀ ਪ੍ਰਵਾਸੀ ਵਪਾਰੀ ਵੱਲੋਂ ਰਜਾਈਆਂ ਤੇ ਤਲਾਈਆਂ ਰੱਖ ਕੇ ਇਨ੍ਹਾਂ ਦੀ ਵਿਕਰੀ ਕੀਤੀ ਜਾ ਰਹੀ ਸੀ। ਮਾਮਲਾ ਸਾਹਮਣੇ ਆਉਣ ’ਤੇ ਇਸ ਸਬੰਧੀ ਪੰਜਾਬੀ ਜਾਗਰਣ ਨੇ ਖ਼ਬਰ ਪ੍ਰਕਾਸ਼ਿਤ ਕਰਦਿਆਂ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਦਿਵਾਇਆ ਸੀ। ਖ਼ਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੇਵਾ ਕੇਂਦਰ ਦੇ ਅੰਦਰੋਂ ਦੁਕਾਨ ਹਟਾ ਦਿੱਤੀ ਗਈ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਇਮਾਰਤਾਂ ਦੀ ਵਰਤੋਂ ਲੋਕਾਂ ਦੀ ਸਹੂਲਤ ਤੇ ਸਰਕਾਰੀ ਕੰਮਾਂ ਲਈ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੰਜਾਬੀ ਜਾਗਰਣ ਵੱਲੋਂ ਲੋਕਾਂ ਨਾਲ ਜੁੜੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣ ਲਈ ਧੰਨਵਾਦ ਕੀਤਾ। ਇਸ ਮਾਮਲੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਪਿੰਡ ਰਾਣੀਪੁਰ ਕੰਬੋਆਂ ਦਾ ਇਹ ਬੰਦ ਪਿਆ ਸੇਵਾ ਕੇਂਦਰ ਮੁੜ ਲੋਕਾਂ ਦੀਆਂ ਸਹੂਲਤਾਂ ਲਈ ਕਦੋਂ ਖੋਲ੍ਹਿਆ ਜਾਂਦਾ ਹੈ, ਤਾਂ ਜੋ ਸਰਕਾਰੀ ਸੇਵਾਵਾਂ ਲਈ ਲੋਕਾਂ ਨੂੰ ਹੋਰ ਥਾਵਾਂ ’ਤੇ ਜਾਣ ਲਈ ਮਜਬੂਰ ਨਾ ਹੋਣਾ ਪਵੇ।