ਡਾਕਖਾਨੇ ਵਾਲੀ ਸੜਕ ਦਾ ਖੱਡਾ ਨਗਰ ਨਿਗਮ ਨੇ ਭਰਵਾਇਆ ਖਬਰ ਦਾ ਅਸਰ: ਡਾਕਖਾਨੇ ਦੀ ਬੈਕ ਸਾਈਡ ਵਾਲੀ ਲੰਿਕ ਸੜਕ ਦਾ 10 ਫੁੱਟ ਡੂੰਘਾ ਖੱਡਾ ਨਗਰ ਨਿਗਮ ਨੇ ਤੁਰੰਤ ਭਰਵਾਇਆ
Publish Date: Sun, 23 Aug 2026 07:13 PM (IST)
Updated Date: Sun, 23 Aug 2026 07:15 PM (IST)
ਖਬਰ ਦਾ ਅਸਰ : ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅਦਾਰਾ ਪੰਜਾਬੀ ਜਾਗਰਣ ਵੱਲੋਂ ਡਾਕਖਾਨੇ ਦੀ ਬੈਕ ਸਾਈਡ ’ਤੇ ਬਣੀ ਲਿੰਕ ਸੜਕ ਵਿੱਚ ਪਏ ਵੱਡੇ ਤੇ ਖਤਰਨਾਕ ਖੱਡੇ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਪਾਠਕਾਂ ਦੇ ਸਾਹਮਣੇ ਰੱਖੇ ਜਾਣ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਖਬਰ ਪ੍ਰਕਾਸ਼ਿਤ ਹੋਣ ਉਪਰੰਤ ਨਗਰ ਨਿਗਮ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਤੇ ਲਗਭਗ 10 ਫੁੱਟ ਡੂੰਘੇ ਤੇ ਚੌੜੇ ਖੱਡੇ ਵਾਲੀ ਸੜਕ ਨੂੰ ਪੁੱਟ ਕੇ ਅੰਦਰੂਨੀ ਸਥਿਤੀ ਦੀ ਜਾਂਚ ਕਰਦਿਆਂ ਉਸ ਦੀ ਮੁਰੰਮਤ ਕਰਵਾਈ। ਮੌਕੇ ’ਤੇ ਜਾਂਚ ਦੌਰਾਨ ਖੱਡੇ ਦੇ ਅੰਦਰ ਨਗਰ ਨਿਗਮ ਵੱਲੋਂ ਪਾਇਆ ਗਿਆ ਸੀਵਰੇਜ ਦਾ ਪਾਈਪ ਵੀ ਟੁੱਟਿਆ ਹੋਇਆ ਮਿਲਿਆ। ਇਹ ਪਾਈਪ ਕਿਸ ਕਾਰਨ ਟੁੱਟਿਆ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਹਾਲਾਂਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਖੱਡਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ। ਖੱਡੇ ਦੀ ਗੰਭੀਰਤਾ ਨੂੰ ਦੇਖਦਿਆਂ ਨਗਰ ਨਿਗਮ ਦੀ ਟੀਮ ਨੇ ਸੜਕ ਨੂੰ ਪੁੱਟ ਕੇ ਅੰਦਰੋਂ ਨੁਕਸ ਦੀ ਜਾਂਚ ਕੀਤੀ ਤੇ ਲੋੜੀਂਦਾ ਕੰਮ ਕਰਵਾਇਆ, ਜਿਸ ਨਾਲ ਹੁਣ ਰਾਹਗੀਰਾਂ ਲਈ ਵੱਡੇ ਖਤਰੇ ਨੂੰ ਟਾਲ ਦਿੱਤਾ ਗਿਆ ਹੈ। ਇਸ ਮੌਕੇ ਮੁਹੱਲਾ ਵਾਸੀਆਂ ਨੇ ਸਮੱਸਿਆ ਨੂੰ ਤੁਰੰਤ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰਨ ਲਈ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਤੇ ਫਗਵਾੜਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਜਨਤਕ ਸਮੱਸਿਆਵਾਂ ਨੂੰ ਸਮੇਂ ਸਿਰ ਉਠਾਉਣਾ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ’ਤੇ ਤੁਰੰਤ ਕਾਰਵਾਈ ਕਰਨਾ ਲੋਕਾਂ ਦੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਮੁਹੱਲਾ ਵਾਸੀਆਂ ਨੇ ਉਮੀਦ ਜਤਾਈ ਕਿ ਨਗਰ ਨਿਗਮ ਵੱਲੋਂ ਇਸ ਸੜਕ ਤੇ ਸੀਵਰੇਜ ਪਾਈਪ ਦੀ ਸਥਿਤੀ ’ਤੇ ਅੱਗੇ ਵੀ ਨਿਗਰਾਨੀ ਰੱਖੀ ਜਾਵੇਗੀ, ਤਾਂ ਜੋ ਦੁਬਾਰਾ ਅਜਿਹੀ ਸਥਿਤੀ ਪੈਦਾ ਨਾ ਹੋਵੇ ਤੇ ਕਿਸੇ ਵੀ ਸੰਭਾਵੀ ਹਾਦਸੇ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਦਾ ਇਹ ਮਾਮਲਾ ਇੱਕ ਵਾਰ ਫਿਰ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਜੇਕਰ ਜਨਤਕ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਉਨ੍ਹਾਂ ਦਾ ਸਮੇਂ ਸਿਰ ਹੱਲ ਸੰਭਵ ਹੈ।