ਖਬਰ ਦਾ ਅਸਰ ਖਬਰ ਦਾ ਅਸਰ ਫਗਵਾੜ
Publish Date: Sun, 20 Sep 2026 07:44 PM (IST)
Updated Date: Sun, 20 Sep 2026 07:47 PM (IST)
ਵਿਵਾਦਿਤ ਜ਼ਮੀਨ ’ਤੇ ਚੱਲ ਰਹੀ ਉਸਾਰੀ ਰੁਕਵਾਈ ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਪਿੰਡ ਸਾਹਨੀ ਵਿਖੇ ਵਿਵਾਦਿਤ ਜ਼ਮੀਨ ’ਤੇ ਚੱਲ ਰਿਹਾ ਉਸਾਰੀ ਦਾ ਕੰਮ ਫਗਵਾੜਾ ਦੀ ਥਾਣਾ ਰਾਵਲਪਿੰਡੀ ਪੁਲਿਸ ਵੱਲੋਂ ਬੀਤੇ ਦਿਨ ਰੁਕਵਾ ਦਿੱਤਾ ਗਿਆ ਹੈ। ਥਾਣਾ ਮੁਖੀ ਏਐੱਸਆਈ ਪੂਰਨ ਚੰਦ ਦੇ ਬਿਆਨ ਅਨੁਸਾਰ, ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਾਇਦਾਦ ਸਬੰਧੀ ਅਦਾਲਤੀ ਮਾਮਲੇ ਤੇ ਦੋਵੇਂ ਧਿਰਾਂ ਦੇ ਦਾਅਵਿਆਂ ’ਤੇ ਅੰਤਿਮ ਤੱਥ ਪੁਲਿਸ ਜਾਂਚ ਤੇ ਮਾਣਯੋਗ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਣਗੇ। ਦੱਸ ਦੇਈਏ ਕਿ ਬੀਤੇ ਦਿਨੀ ਸਾਡੇ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਪਿੰਡ ਸਾਹਨੀ ਦੇ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਮਸ਼ਹੂਰ ਰੋਮੀ ਢਾਬੇ ਦੇ ਨਜ਼ਦੀਕ ਪ੍ਰੇਮਪੁਰ ਵਾਸੀ ਹਰਨੇਕ ਸਿੰਘ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੀ ਵਿਵਾਦਿਤ ਜਾਇਦਾਦ ਜੋ ਕਿ ਪਿੰਡ ਸਾਹਨੀ ਵਿੱਚ ਸਥਿਤ ਹੈ ਤੇ ਇਸ ਦਾ ਕੇਸ ਮਾਣਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਵਿਵਾਦਿਤ ਜਾਇਦਾਦ ਉੱਤੇ ਕਿਸੇ ਕਿਸਮ ਦੀ ਵੀ ਉਸਾਰੀ ਨੂੰ ਲੈ ਕੇ ਮਾਣਯੋਗ ਅਦਾਲਤ ਵੱਲੋਂ ਸਟੇਅ ਆਰਡਰ ਦਿੱਤਾ ਗਿਆ ਹੈ, ਜਿਸ ਦੀ ਅਗਲੀ ਤਾਰੀਖ਼ ਮਾਣਯੋਗ ਅਦਾਲਤ ਵਿੱਚ 05-10-2026 ਮੁਕੱਰਰ ਹੈ। ਇਸ ਤੋਂ ਇਲਾਵਾ ਇਸ ਵਿਵਾਦਿਤ ਜਾਇਦਾਦ ਦੇ ਮਾਮਲੇ ਵਿੱਚ ਦੋ ਕੇਸ ਹੋਰ ਵੀ ਵਿਚਾਰ ਅਧੀਨ ਹਨ। ਇਸ ਸਟੇਅ ਆਰਡਰ ਦੇ ਬਾਵਜੂਦ ਦੂਸਰੀ ਧਿਰ ਪਿ੍ਤਪਾਲ ਸਿੰਘ ਚਾਵਲਾ ਪੁੱਤਰ ਕਿਰਪਾਲ ਸਿੰਘ, ਰਮਨਪ੍ਰੀਤ ਚਾਵਲਾ ਤੇ ਮਨੋਜ ਕੁਮਾਰ ਕੱਕੜ ਵਾਸੀ ਭਵਾਨੀ ਸ਼ੰਕਰ ਕਾਸਟਿੰਗ ਪ੍ਰਾਈਵੇਟ ਲਿਮਟਿਡ ਪਿੰਡ ਰਾਓਵਾਲੀ, ਪਠਾਨਕੋਟ ਰੋਡ ਜਲੰਧਰ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਇਸ ਜ਼ਮੀਨ ਉੱਪਰ ਉਸਾਰੀ ਦਾ ਕੰਮ ਕਬਜ਼ਾ ਕਰਨ ਦੀ ਨੀਅਤ ਨਾਲ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਉਨ੍ਹਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਸਰਮਾਏਦਾਰੀ ਦਾ ਰੋਹਬ ਦਿਖਾ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਮੈਂ ਸਬੰਧਤ ਥਾਣਾ ਰਾਵਲਪਿੰਡੀ ਦੇ ਥਾਣਾ ਮੁਖੀ ਤੇ ਡੀਐੱਸਪੀ ਫਗਵਾੜਾ ਨੂੰ ਘਟਨਾ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪਾਸ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ। ਇਥੇ ਇਹ ਜ਼ਿਕਰਯੋਗ ਹੈ ਕਿ ਰੋਮੀ ਢਾਬੇ ਦੇ ਮਾਲਕ ਤੇ ਉਕਤ ਜਗਾ ਦਾ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਹਰਨੇਕ ਸਿੰਘ ਨੇ ਦੱਸਿਆ ਸੀ ਕਿ ਅਸੀਂ ਇਸ ਬਾਬਤ 112 ਨੰਬਰ ’ਤੇ ਵੀ ਫੋਨ ਕੀਤੇ ਤੇ ਰਾਵਲਪਿੰਡੀ ਥਾਣਾ ਦੀ ਪੁਲਿਸ ਮੌਕਾ ਦੇਖਣ ਵੀ ਆਈ ਪਰ ਪੁਲਿਸ ਨੇ ਕੋਈ ਯੋਗ ਕਾਰਵਾਈ ਨਹੀਂ ਕੀਤੀ। ਜਦੋਂ ਇਸ ਸੰਬੰਧ ਵਿੱਚ ਮੋਹਰਲੀ ਧਿਰ ਤੇ ਸਥਾਨਕ ਪੱਤਰਕਾਰ ਵੱਲੋਂ ਥਾਣਾ ਰਾਵਲਪਿੰਡੀ ਜਾ ਕੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ ਤੇ ਹੁਣ ਰਾਵਲਪਿੰਡੀ ਪੁਲਿਸ ਵੱਲੋਂ ਉਕਤ ਜ਼ਮੀਨ ਦੀ ਉਸਾਰੀ ਦਾ ਕੰਮ ਰੁਕਵਾ ਦਿੱਤਾ ਗਿਆ ਹੈ ਤੇ ਥਾਣਾ ਮੁਖੀ ਰਾਵਲਪਿੰਡੀ ਏਐੱਸਆਈ ਪੂਰਨ ਚੰਦ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਆਰੰਭੀ ਜਾਵੇਗੀ।