ਖਬਰ ਦਾ ਅਸਰ :ਆਖਿਰ ਖੁੱਲ੍ਹ ਹੀ ਗਈ ਮਹੇੜੂ ਪਿੰਡ ਦੀ ਬੰਦ ਪਈ ਡਿਸਪੈਂਸਰੀ ਖਬਰ ਦਾ ਅਸਰ ਚਹੇੜੂ ਦੀ ਡਿਸਪੈਂਸਰੀ
Publish Date: Thu, 10 Sep 2026 07:06 PM (IST)
Updated Date: Thu, 10 Sep 2026 07:07 PM (IST)
ਪੰਜਾਬੀ ਜਾਗਰਣ ’ਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਚੁੱਕਿਆ ਕਦਮ ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਨੇੜਲੇ ਪਿੰਡ ਮਹੇੜੂ ਵਿਖੇ ਲੰਬੇ ਸਮੇਂ ਤੋਂ ਬੰਦ ਪਈ ਡਿਸਪੈਂਸਰੀ ਆਖਿਰਕਾਰ ਮੁੜ ਖੁੱਲ੍ਹ ਗਈ ਹੈ। ਪਿੰਡ ਦੀ ਡਿਸਪੈਂਸਰੀ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਹੋਰਨਾਂ ਥਾਵਾਂ ’ਤੇ ਜਾਣਾ ਪੈਂਦਾ ਸੀ। ਇਸ ਸਬੰਧੀ ਪੰਜਾਬੀ ਜਾਗਰਣ ਵੱਲੋਂ ਲਗਾਤਾਰ ਖ਼ਬਰਾਂ ਪ੍ਰਕਾਸ਼ਿਤ ਕਰਕੇ ਸਿਹਤ ਵਿਭਾਗ ਤੇ ਸਬੰਧਤ ਅਧਿਕਾਰੀਆਂ ਦਾ ਧਿਆਨ ਇਸ ਸਮੱਸਿਆ ਵੱਲ ਦਿਵਾਇਆ ਗਿਆ ਸੀ। ਡਿਸਪੈਂਸਰੀ ਦੇ ਮੁੜ ਖੁੱਲ੍ਹਣ ਨਾਲ ਮਹੇੜੂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਖ਼ਾਸ ਕਰਕੇ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਲਈ ਹੁਣ ਦੂਰ ਨਹੀਂ ਜਾਣਾ ਪਵੇਗਾ। ਇਸ ਸਬੰਧੀ ਸੀਐੱਚਓ ਸੰਦੀਪ ਕੌਰ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਮਹੇੜੂ ਦੇ ਸਹਿਯੋਗ ਨਾਲ ਡਿਸਪੈਂਸਰੀ ਦੇ ਅੰਦਰ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਡਿਸਪੈਂਸਰੀ ਦੇ ਅੰਦਰ ਜੰਗਲ ਵਰਗਾ ਮਾਹੌਲ ਬਣਿਆ ਪਿਆ ਸੀ ਤੇ ਉੱਥੇ ਸੱਪਾਂ ਆਦਿ ਦਾ ਵੀ ਖ਼ਤਰਾ ਬਣਿਆ ਹੋਇਆ ਸੀ। ਹੁਣ ਸਫ਼ਾਈ ਕਰਵਾ ਕੇ ਡਿਸਪੈਂਸਰੀ ਨੂੰ ਲੋਕਾਂ ਲਈ ਮੁੜ ਵਰਤੋਂਯੋਗ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡਿਸਪੈਂਸਰੀ ਖੁੱਲ੍ਹਣ ਨਾਲ ਇਲਾਕੇ ਦੀਆਂ ਗਰਭਵਤੀ ਔਰਤਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮਿਲ ਸਕਣਗੀਆਂ। ਇਸ ਤੋਂ ਇਲਾਵਾ ਬੱਚਿਆਂ ਦਾ ਟੀਕਾਕਰਨ ਵੀ ਇੱਥੇ ਕੀਤਾ ਜਾਵੇਗਾ ਤੇ ਮਹੇੜੂ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਲੋਕ ਵੀ ਉਪਲਬਧ ਮੈਡੀਕਲ ਸਹੂਲਤਾਂ ਦਾ ਲਾਭ ਲੈ ਸਕਣਗੇ। ਡਿਸਪੈਂਸਰੀ ਦੇ ਮੁੜ ਖੁੱਲ੍ਹਣ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਲੋਕਾਂ ਨੇ ਸਿਹਤ ਸਹੂਲਤ ਮੁੜ ਬਹਾਲ ਹੋਣ ’ਤੇ ਸਿਹਤ ਵਿਭਾਗ ਅਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ। ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਪੱਧਰ ’ਤੇ ਸਿਹਤ ਸਹੂਲਤਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਲਈ ਲੋਕਾਂ ਨੂੰ ਦੂਰ ਨਾ ਜਾਣਾ ਪਵੇ। ਪੰਜਾਬੀ ਜਾਗਰਣ ਵਿੱਚ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਡਿਸਪੈਂਸਰੀ ਦਾ ਮੁੜ ਖੁੱਲ੍ਹਣਾ ਲੋਕਾਂ ਲਈਖ਼ਬਰ ਦੇ ਅਸਰ ਦੀ ਇੱਕ ਹੋਰ ਮਿਸਾਲ ਬਣਿਆ ਹੈ।