- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਬਰ ਦਾ ਹੋਇਆ ਅਸਰ: ਪੀ.ਆਰ.-126 ਝੋਨੇ ਦੇ ਬੀਜ ’ਚ ਮਿਲਾਵਟ ਦੇ ਦੋਸ਼ਾਂ ਮਗਰੋਂ ਖੇਤੀਬਾੜੀ ਵਿਭਾਗ ਹਰਕਤ ’ਚ

ਪੰਜਾਬੀ ਜਾਗਰਣ ’ਚ ਖ਼ਬਰ ਪ੍ਰਕਾਸ਼ਿਤ ਹੋਣ ਦੇ ਦੂਜੇ ਦਿਨ ਹੀ ਜਾਂਚ ਸ਼ੁਰੂ, ਵਿਭਾਗ ਨੇ ਬਣਾਈ ਜਾਂਚ ਕਮੇਟੀ
ਬਿਨਾਂ ਬਿੱਲ ਬੀਜ ਵੇਚਣ ਵਾਲਿਆਂ ਵਿਰੁੱਧ ਸ਼ਿਕਾਇਤ ਮਿਲਣ ’ਤੇ ਕਾਰਵਾਈ ਕਰੇਗਾ ਵਿਭਾਗ : ਡਾ. ਪਰਮਿੰਦਰ ਕੁਮਾਰ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਕਿਸਾਨਾਂ ਵੱਲੋਂ ਪੀਆਰ-126 ਝੋਨੇ ਦੇ ਬੀਜ ਵਿੱਚ ਮਿਲਾਵਟ ਦੇ ਲਾਏ ਗਏ ਦੋਸ਼ਾਂ ਸਬੰਧੀ ਪੰਜਾਬੀ ਜਾਗਰਣ ਵਿੱਚ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਖੇਤੀਬਾੜੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਖ਼ਬਰ ਪ੍ਰਕਾਸ਼ਿਤ ਹੋਣ ਦੇ ਦੂਜੇ ਦਿਨ ਹੀ ਖੇਤੀਬਾੜੀ ਵਿਭਾਗ, ਸੁਲਤਾਨਪੁਰ ਲੋਧੀ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਨੇ ਇਸ ਮਾਮਲੇ ਦੀ ਪੜਤਾਲ ਲਈ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਇਸ ਕਾਰਵਾਈ ਨੂੰ ਕਿਸਾਨਾਂ ਵੱਲੋਂ ਉਠਾਏ ਗਏ ਮੁੱਦੇ ਤੇ ਪੰਜਾਬੀ ਜਾਗਰਣ ਵਿੱਚ ਪ੍ਰਕਾਸ਼ਿਤ ਖ਼ਬਰ ਦਾ ਅਸਰ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ ਕਿਸਾਨਾਂ ਨੇ ਪੀਆਰ-126 ਝੋਨੇ ਦੇ ਬੀਜ ਵਿੱਚ ਹੋਰ ਕਿਸਮਾਂ ਦੇ ਬੀਜ ਮਿਲੇ ਹੋਣ ਦੇ ਦੋਸ਼ ਲਗਾਏ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖੇਤਾਂ ਵਿੱਚ ਪੀਆਰ-126 ਤੋਂ ਇਲਾਵਾ ਹੋਰ ਕਿਸਮਾਂ ਦੇ ਪੌਦੇ ਵੀ ਦਿਖਾਈ ਦੇ ਰਹੇ ਹਨ। ਇਸ ਕਾਰਨ ਝੋਨੇ ਦੀ ਕਟਾਈ ਵਿੱਚ ਦੇਰੀ ਹੋਣ ਤੇ ਅਗੇਤੀਆਂ ਸਬਜ਼ੀਆਂ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕਿਸਾਨਾਂ ਨੇ ਮਾਮਲੇ ਦੀ ਜਾਂਚ ਕਰਵਾਉਣ ਤੇ ਜੇਕਰ ਬੀਜ ਵਿੱਚ ਕੋਈ ਖ਼ਾਮੀ ਪਾਈ ਜਾਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਜਾਂਚ ਕਮੇਟੀ ਕਰ ਰਹੀ ਹੈ ਪੜਤਾਲ : ਡਾ. ਪਰਮਿੰਦਰ ਕੁਮਾਰ
ਇਸ ਸਬੰਧੀ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪੀਆਰ-126 ਝੋਨੇ ਦੇ ਬੀਜ ਸਬੰਧੀ ਕਿਸਾਨਾਂ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਸ਼ਿਕਾਇਤਾਂ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਵੱਲੋਂ ਤੁਰੰਤ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਂਚ ਕਮੇਟੀ ਦੀ ਰਿਪੋਰਟ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੂੰ ਭੇਜੀ ਜਾਵੇਗੀ। ਜੇਕਰ ਜਾਂਚ ਦੌਰਾਨ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਫ਼ਿਲਹਾਲ ਵਿਭਾਗ ਵੱਲੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।
ਬਿਨਾਂ ਬਿੱਲ ਬੀਜ ਵੇਚਣ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ
ਜਦੋਂ ਡਾ. ਪਰਮਿੰਦਰ ਕੁਮਾਰ ਨੂੰ ਕਿਸਾਨਾਂ ਵੱਲੋਂ ਬੀਜ ਵਿਕਰੇਤਾਵਾਂ ਤੋਂ ਬੀਜ ਖਰੀਦਣ ਸਮੇਂ ਬਿੱਲ ਨਾ ਦਿੱਤੇ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਮੀਡੀਆ ਰਾਹੀਂ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਜੇਕਰ ਕੋਈ ਬੀਜ ਵਿਕਰੇਤਾ ਉਨ੍ਹਾਂ ਨੂੰ ਬਿਨਾਂ ਬਿੱਲ ਤੋਂ ਬੀਜ ਵੇਚਦਾ ਹੈ ਤਾਂ ਇਸ ਸਬੰਧੀ ਤੁਰੰਤ ਖੇਤੀਬਾੜੀ ਵਿਭਾਗ ਨੂੰ ਸ਼ਿਕਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕਰਕੇ ਸਬੰਧਤ ਵਿਅਕਤੀ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਬੀਜ ਖਰੀਦਣ ਸਮੇਂ ਬਿੱਲ ਜ਼ਰੂਰ ਲੈਣ ਤੇ ਖਰੀਦ ਦਾ ਰਿਕਾਰਡ ਆਪਣੇ ਕੋਲ ਸੰਭਾਲ ਕੇ ਰੱਖਣ ਦੀ ਅਪੀਲ ਵੀ ਕੀਤੀ।