- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਅੰਦਰ ਮੁਫਤ ਬਿਜਲੀ ਦਾ ਅਸਰ ਦਿਖਾਈ ਦੇਣ ਲੱਗਾ,ਪ੍ਰਿਤਪਾਲ ਮੰਗਾ

ਬਿਜਲੀ ਮੁਫਤ ਦੇਣ ਦਾ ਕੀ ਫਾਇਦਾ, ਜੇ ਕੱਟ ਹੀ ਲਗਾਉਣੇ : ਵਾਲੀਆ
ਲੋਕ ਬਿਜਲੀ ਦੇ ਕੱਟਾਂ ਤੋਂ ਦੁਖੀ ਹੋਏ ਪਏ, ਰੋਜ਼ 2-4 ਘੰਟਿਆਂ ਦੇ ਲੱਗ ਰਹੇ ਕੱਟ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਕੜਕਦੀ ਧੁੱਪ ਵਿਚ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਤੇ ‘ਆਪ’ ਸਰਕਾਰ ਵੱਲੋਂ ਮੁਫਤ ਕੀਤੀ ਬਿਜਲੀ ਦੋ-ਦੋ ਘੰਟੇ ਆਉਂਦੀ ਹੀ ਨਹੀਂ ਤੇ ਲੋਕਾਂ ਦਾ ਘਰ ਵਿਚ ਬੈਠਨਾ ਵੀ ਮੁਸ਼ਕਿਲ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਬਿਜਲੀ ਦੇ ਖੇਤਰ ਵਿਚ ਸਰਪਲਸ ਬਣੇ ਪੰਜਾਬ ਸੂਬੇ ਦਾ ਹਾਲ ਹੁਣ ਇਹ ਹੋ ਗਿਆ ਹੈ ਕਿ ਰੋਜ਼ਾਨਾ ਦਿਨ ਤੇ ਰਾਤ ਲੱਗ ਰਹੇ ਦੋ ਤੋਂ ਚਾਰ ਘੰਟਿਆਂ ਦੇ ਲੰਬੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਸੂਬਾ ਮੀਤ ਪ੍ਰਧਾਨ ਤੇ ਕੌਂਸਲਰ ਪ੍ਰਿਤਪਾਲ ਸਿੰਘ ਮੰਗਾ ਤੇ ਹਰਵਿੰਦਰ ਸਿੰਘ ਲਵਲੀ ਵਾਲੀਆ ਨੇ ਕਿਹਾ ਕਿ ਵਪਾਰੀ ਵਰਗ, ਆਮ ਦੁਕਾਨਦਾਰ, ਇੰਡਸਟਰੀ, ਮਜ਼ਦੂਰ ਆਦਿ ਹਰ ਖੇਤਰ ਦੇ ਲੋਕ ਬਿਜਲੀ ਦੇ ਕੱਟਾਂ ਤੋਂ ਦੁਖੀ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਪੂਰਾ ਦਿਨ ਸਖ਼ਤ ਮਿਹਨਤ ਕਰਕੇ ਜਦੋਂ ਥੱਕਿਆ-ਹਾਰਿਆ ਵਿਅਕਤੀ ਆਪਣੇ ਘਰ ਪੁੱਜਦਾ ਹੈ ਤੇ ਅਰਾਮ ਦੀ ਨੀਂਦ ਸੌਣਾ ਚਾਹੁੰਦਾ ਹੈ ਤਾਂ ਦੋ ਤੋਂ ਚਾਰ ਘੰਟੇ ਲੱਗ ਰਹੇ ਲੰਬੇ ਬਿਜਲੀ ਦੇ ਕੱਟਾਂ ਕਾਰਨ ਉਸਦੀ ਪਰੇਸ਼ਾਨੀ ਹੋਰ ਵਧ ਜਾਂਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ਼ ਕੀਤੀ ਕਿ ਬਿਜਲੀ ਮੁਫਤ ਦੇਣ ਦਾ ਕੀ ਫਾਇਦਾ ਜੇਕਰ ਤੁਸੀ ਬਿਜਲੀ ਦੇ ਕੱਟ ਹੀ ਲਗਾਉਣੇ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਦੀ ਬਿਜਲੀ ਮੁਫਤ ਹੈ, ਉਨ੍ਹਾਂ ਦੇ ਕੱਟ ਲਗਾ ਦਿਓ ਪਰ ਜੋ ਬਿਲ ਅਦਾ ਕਰਦੇ ਹਨ, ਉਨ੍ਹਾਂ ਦੀ ਬਿਜਲੀ ਤਾਂ ਆਉਣ ਦਿਓ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਾਂਗ 24 ਘੰਟੇ ਬਿਜਲੀ ਲੋਕਾਂ ਨੂੰ ਮਿਲਣੀ ਚਾਹੀਦੀ ਹੈ। ਪ੍ਰਿਤਪਾਲ ਸਿੰਘ ਮੰਗਾ ਨੇ ਕਿਹਾ ਕਿ ਗਰਮੀ ਵਿਚ ਜ਼ਿਆਦਾ ਜ਼ਰੂਰਤ ਬਿਜਲੀ ਦੀ ਹੈ, ਉਹ ਮਾਨ ਸਾਹਬ ਬੰਦ ਕਰਵਾਈ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਇਕ ਗੱਲ ਦੀ ਸਮਝ ਨਹੀ ਲੱਗੀ ਕਿ ਹਰੇਕ ਐਤਵਾਰ ਮੁਰੰਮਤ ਲਈ ਬਿਜਲੀ ਬੰਦ ਰੱਖੀ ਜਾਂਦੀ ਹੈ, ਫਿਰ ਮੁਲਾਜ਼ਮ ਕਿਹੜੀ ਮੁਰੰਮਤ ਕਰਦੇ ਹਨ। ਹਫਤੇ ਦੇ ਬਾਕੀ ਦਿਨ ਵੀ ਬਿਜਲੀ ਤਾਂ ਆਉਂਦੀ ਹੀ ਨਹੀਂ, ਫਿਰ ਐਤਵਾਰ ਨੂੰ ਵੀ ਕੱਟ ਲਗਾਕੇ ਲੋਕਾਂ ਨੂੰ ਪਰੇਸ਼ਾਨ ਕਿੳ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੇ ਜਿਹੜੇ ਲੋਕ ਬਿੱਲ ਪੂਰਾ ਦਿੰਦੇ ਹਨ ਤਾਂ ਉਨ੍ਹਾਂ ’ਤੇ ਬਿੱਜਲੀ ਦੇ ਕੱਟ ਕਿਉਂ ਲਗਾਏ ਜਾ ਰਹੇ ਹਨ। ਜੇਕਰ ਆਪ ਦੀ ਸਰਕਾਰ ਬਿਜਲੀ ਮੁਫਤ ਕਾਰਣ ਘਾਟੇ ਵਿਚ ਚਲ ਰਹੀ ਹੈ ਤਾਂ ਬਿਜਲੀ ਬਿੱਲ ਲੈਣੇ ਸ਼ੁਰੂ ਕਰੋ ਪਰ ਬਿਜਲੀ ਤਾਂ ਦਿਓ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਵੇ।