ਪੀਟੀਯੂ ਨੇ ਵਿਦਿਆਰਥੀਆਂ ਨੂੰ ਦਿੱਤੀ ਵਿਹਾਰਕ ਜਾਣਕਾਰੀ ਆਈ.ਕੇ.ਜੀ ਪੀ.ਟੀ.ਯੂ ਵੱਲੋਂ ਵਿਦਿਆਰਥੀਆਂ ਦੀ ਸੰਚਾਰ ਸਮਰੱਥਾ ਅਤੇ ਇੰਟਰਵਿਊ ਦੀ ਤਿਆਰੀ ਲਈ ਵਿਸ਼ੇਸ਼ ਸੈਸ਼ਨ ਕਰਵਾਏ ਗਏ
Publish Date: Fri, 23 Oct 2026 06:25 PM (IST)
Updated Date: Fri, 23 Oct 2026 06:27 PM (IST)
ਵਿਦਿਆਰਥੀਆਂ ਦੀ ਸੰਚਾਰ ਸਮਰੱਥਾ ਤੇ ਇੰਟਰਵਿਊ ਦੀ ਤਿਆਰੀ ਲਈ ਵਿਸ਼ੇਸ਼ ਸੈਸ਼ਨ ਕਰਵਾਏ ਗਏ ਪ੍ਰੋਫੈਸ਼ਨਲ ਟ੍ਰੇਨਰ ਨੇਹਾ ਸਿੰਘ ਮੱਕੜ ਦੋਵਾਂ ਸੈਸ਼ਨ ਵਿੱਚ ਰਿਸੋਰਸ ਪਰਸਨ ਵਜੋਂ ਹਾਜ਼ਰ ਹੋਏ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਵੱਲੋਂ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੋ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ। ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਸੈਂਟਰ ਫਾਰ ਐਕਸਟੈਂਸ਼ਨ ਐਂਡ ਆਊਟਰੀਚ ਐਕਟੀਵਿਟੀਜ਼ ਵੱਲੋਂ 8 ਅਕਤੂਬਰ ਨੂੰ “ਪ੍ਰੋਫੈਸ਼ਨਲ ਕਮਿਊਨੀਕੇਸ਼ਨ ਵਿਦ ਪ੍ਰੈਜ਼ੈਂਸ” ਤੇ 14 ਅਕਤੂਬਰ, 2026 ਨੂੰ “ਇੰਟਰਵਿਊਇੰਗ ਫਾਰ ਲਾਈਫ : ਬਿਲਡਿੰਗ ਕਾਨਫੀਡੈਂਸ, ਕਮਿਊਨੀਕੇਸ਼ਨ ਐਂਡ ਕਰੀਅਰ ਰੈਡੀਨੈੱਸ” ਵਿਸ਼ਿਆਂ ’ਤੇ ਇਹ ਸੈਸ਼ਨ ਕਰਵਾਏ ਗਏ। ਇਨ੍ਹਾਂ ਵਿੱਚ ਇੰਜੀਨੀਅਰਿੰਗ, ਮੈਨੇਜਮੈਂਟ, ਅਪਲਾਈਡ ਸਾਇੰਸਜ਼, ਫੂਡ ਟੈਕਨਾਲੋਜੀ ਤੇ ਜਰਨਲਿਜ਼ਮ ਦੇ ਵਿਦਿਆਰਥੀਆਂ ਨੇ ਭਾਗ ਲਿਆ। ਦੋਵਾਂ ਸੈਸ਼ਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਸੰਚਾਰ, ਪੇਸ਼ੇਵਰ ਵਿਵਹਾਰ ਤੇ ਨੌਕਰੀ ਦੇ ਇੰਟਰਵਿਊ ਲਈ ਤਿਆਰ ਕਰਨਾ ਸੀ। ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ, ਰਜਿਸਟਰਾਰ ਡਾ. ਨਵਦੀਪਕ ਸੰਧੂ ਤੇ ਡੀਨ ਅਕਾਦਮਿਕਸ ਪ੍ਰੋ. (ਡਾ.) ਨੀਲਕੰਠ ਗਰੋਵਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ ਪੇਸ਼ੇਵਰ ਹੁਨਰਾਂ ਦਾ ਵਿਕਾਸ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਹੈ। ਪ੍ਰੋਫੈਸ਼ਨਲ ਟ੍ਰੇਨਰ ਨੇਹਾ ਸਿੰਘ ਮੱਕੜ ਨੇ ਦੋਵਾਂ ਸੈਸ਼ਨ ਵਿੱਚ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨੂੰ ਸੰਚਾਰ ਦੀਆਂ ਵੱਖ-ਵੱਖ ਸ਼ੈਲੀਆਂ, ਮੌਖਿਕ ਤੇ ਗੈਰ-ਮੌਖਿਕ ਸੰਕੇਤਾਂ ਤੇ ਪ੍ਰਭਾਵਸ਼ਾਲੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੰਟਰਵਿਊ ਦੀ ਤਿਆਰੀ, ਸਵੈ-ਪੇਸ਼ਕਾਰੀ, ਨਿੱਜੀ ਤਿਆਰੀ, ਸਰੀਰਕ ਵਿਵਹਾਰ ਤੇ ਸਕਾਰਾਤਮਕ ਬਾਡੀ ਲੈਂਗੂਏਜ ਦੀ ਮਹੱਤਤਾ ਵੀ ਸਮਝਾਈ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਵਿਚਾਰ-ਵਟਾਂਦਰੇ ਰਾਹੀਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਅੰਤ ਵਿੱਚ ਸੈਂਟਰ ਦੇ ਕੋਆਰਡੀਨੇਟਰ ਡਾ. ਕਪਿਲ ਗੁਪਤਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ ਪੇਸ਼ੇਵਰ ਯੋਗਤਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਕਰੀਅਰ ਵਿਕਾਸ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।