ਪੀਟੀਯੂ ’ਚ ਨਵੀਨਤਾ, ਪ੍ਰਭਾਵ ਤੇ ਉੱਦਮਤਾ 'ਤੇ ਐਲੂਮਨੀ ਟਾਕ ਕਰਵਾਈ
ਆਈ.ਕੇ.ਜੀ ਪੀ.ਟੀ.ਯੂ ਸੈਂਟਰ ਆਫ਼ ਟ੍ਰੇਨਿੰਗ ਐਂਡ ਪਲੇਸਮੈਂਟ ਵੱਲੋਂ ਨਵੀਨਤਾ, ਪ੍ਰਭਾਵ ਅਤੇ ਉੱਦਮਤਾ 'ਤੇ ਐਲੂਮਨੀ ਟਾਕ ਦਾ ਆਯੋਜਨ
Publish Date: Sat, 21 Feb 2026 09:36 PM (IST)
Updated Date: Sat, 21 Feb 2026 09:39 PM (IST)

- ਪ੍ਰਭਾਵ ਸਿਰਫ਼ ਹੋਂਦ ਦਾ ਹੀ ਨਹੀਂ, ਸਗੋਂ ਜਸ਼ਨ ਦਾ ਕਾਰਨ ਵੀ ਹੋਣਾ ਚਾਹੀਦਾ : ਨਿਰਮਲ ਨੰਬਿਆਰ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਦੇ ਸੈਂਟਰ ਆਫ਼ ਟ੍ਰੇਨਿੰਗ ਐਂਡ ਪਲੇਸਮੈਂਟ ਵੱਲੋਂ ਸੰਸਥਾ ਦੀ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਆਈਕੇਜੀ ਪੀਟੀਯੂ ਮੁੱਖ ਕੈਂਪਸ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਚ ਇਕ ਐਲੂਮਨੀ ਟਾਕ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਸੈਸ਼ਨ ਵਿਚ ਸ਼੍ਰੀ ਨਿਰਮਲ ਨੰਬਿਆਰ, ਸੰਸਥਾਪਕ ਤੇ ਸੀਈਓ, ਏਆਈ ਉੱਦਮੀ ਤੇ ਸਾਬਕਾ ਮਾਈਕ੍ਰੋਸਾਫਟ ਮੈਨੇਜਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ₹65 ਲੱਖ ਸਾਲਾਨਾ ਕਮਾਈ ਦੀ ਕਾਰਪੋਰੇਟ ਨੌਕਰੀ ਪ੍ਰਾਪਤ ਕਰਨ ਤੋਂ ਲੈ ਕੇ ਗਲੋਬਲ ਗਾਹਕਾਂ ਨਾਲ ਕੰਮ ਕਰਦੇ ਹੋਏ ਆਪਣੇ ਖੁਦ ਦੇ ਏਆਈ ਉੱਦਮ ਬਣਾਉਣ ਤੱਕ ਦਾ ਪ੍ਰੇਰਨਾਦਾਇਕ ਸਫ਼ਰ ਤੈਅ ਕੀਤਾ ਹੈ। ਇਹ ਪ੍ਰੋਗਰਾਮ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ, ਉਪ-ਕੁਲਪਤੀ ਆਈਕੇਜੀ ਪੀਟੀਯੂ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਤੋਂ ਬਾਅਦ ਡਾ. ਨਵਦੀਪਕ ਸੰਧੂ, ਰਜਿਸਟਰਾਰ ਤੇ ਡਿਪਟੀ ਡਾਇਰੈਕਟਰ (ਸੀਆਰ ਐਂਡ ਏ), ਆਈਕੇਜੀ ਪੀਟੀਯੂ ਵੱਲੋਂ ਮੁੱਖ ਭਾਸ਼ਣ ਦਿੱਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਤਮਤਾ, ਨਵੀਨਤਾ ਤੇ ਉਦੇਸ਼ਪੂਰਨ ਵਿਕਾਸ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। ਆਪਣੇ ਸੰਬੋਧਨ ਦੌਰਾਨ ਮੁੱਖ ਬੁਲਾਰੇ ਨੰਬਿਆਰ ਨੇ ਉਨ੍ਹਾਂ ਮਹੱਤਵਪੂਰਨ ਫੈਸਲਿਆਂ ਬਾਰੇ ਸਪੱਸ਼ਟਤਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਨੂੰ ਆਕਾਰ ਦਿੱਤਾ। ਉਨ੍ਹਾਂ ਨੇ ਮਾਈਕ੍ਰੋਸਾਫਟ ਵਿਚ ਆਪਣੇ ਸ਼ੁਰੂਆਤੀ ਪੇਸ਼ੇਵਰ ਪੜਾਅ, ਉਤਪਾਦ ਸੋਚ ਵਿਚ ਵਿਕਸਤ ਕੀਤੇ ਹੁਨਰਾਂ ਤੇ ਅਮਲ ਦੀ ਸਪੱਸ਼ਟਤਾ ਤੇ ਪ੍ਰਤੀਬੱਧਤਾ ਬਾਰੇ ਗੱਲ ਸਾਂਝੀ ਕੀਤੀ। ਮੁੱਖ ਬੁਲਾਰੇ ਵੱਲੋਂ ਬਿਗ ਟੈੱਕ ਇਨੋਵੇਸ਼ਨ ਤੇ ਸਟਾਰਟਅੱਪ ਇਨੋਵੇਸ਼ਨ ਵਿਚ ਅੰਤਰ, ਸਟਾਰਟਅੱਪ ਚੁਣੌਤੀਆਂ ਤੇ ਧਰੁਵਾਂ ਤੋਂ ਸਿੱਖੇ ਗਏ ਸਬਕ, ਇਕ ਭਾਰਤੀ ਸਟਾਰਟਅੱਪ ਵਜੋਂ ਅੰਤਰਰਾਸ਼ਟਰੀ ਭਰੋਸੇਯੋਗਤਾ ਦਾ ਨਿਰਮਾਣ, ਏਆਈ ਦੇ ਵਿਕਸਤ ਹੋ ਰਹੇ ਦ੍ਰਿਸ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਪ੍ਰਸ਼ਨ-ਉੱਤਰ ਸੈਸ਼ਨ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਪ੍ਰੋਗਰਾਮ ਇੰਜੀਨੀਅਰ ਮੋਹਿਤ ਜੈਨ, ਸਹਾਇਕ ਰਜਿਸਟਰਾਰ (ਸੀਆਰ ਐਂਡ ਏ), ਆਈਕੇਜੀ ਪੀਟੀਯੂ ਵੱਲੋਂ ਦਿੱਤੇ ਗਏ ਧੰਨਵਾਦ ਦੇ ਮਤੇ ਤੇ ਸਨਮਾਨ ਸਮਾਰੋਹ ਨਾਲ ਸਮਾਪਤ ਹੋਇਆ।