ਨਾਰਥ ਜ਼ੋਨ ਸਬ-ਜੂਨੀਅਰ ਤੇ ਜੂਨੀਅਰ ਫੀਡਰ ਟੂਰ ਕਰਵਾਇਆ ਆਰਸੀਐੱਫ ਕਪੂਰਥਲਾ ਵਿਖੇ ਆਈਜੀਯੂ ਨਾਰਥ ਜ਼ੋਨ ਸਬ-ਜੂਨੀਅਰ ਅਤੇ ਜੂਨੀਅਰ ਫੀਡਰ ਟੂਰ 2026 ਦਾ ਆਯੋਜਨ
Publish Date: Sat, 14 Nov 2026 10:23 PM (IST)
Updated Date: Sat, 14 Nov 2026 10:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਖੇ ਇੰਡੀਅਨ ਗੋਲਫ ਯੂਨੀਅਨ (ਆਈਜੀਯੂ) ਨਾਰਥ ਜ਼ੋਨ ਸਬ-ਜੂਨੀਅਰ ਤੇ ਜੂਨੀਅਰ ਫੀਡਰ ਟੂਰ 2026 ਦੇ ਸੁਪਰ ਲੀਗ ਫਿਨਾਲੇ-1 ਦਾ ਆਯੋਜਨ 13 ਅਤੇ 14 ਨਵੰਬਰ ਨੂੰ ਆਰਸੀਐੱਫ ਗੋਲਫ ਕੋਰਸ ਵਿਖੇ ਕੀਤਾ ਗਿਆ। ਇਸ ਟੂਰਨਾਮੈਂਟ ਦਾ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਗੋਲਫ ਖੇਡ ਪ੍ਰਤੀ ਉਤਸ਼ਾਹਿਤ ਕਰਨਾ ਤੇ ਉੱਭਰਦੀਆਂ ਖੇਡ ਪ੍ਰਤਿਭਾਵਾਂ ਨੂੰ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਪ੍ਰਦਾਨ ਕਰਨਾ ਸੀ। ਇਸ ਮੁਕਾਬਲੇ ਦਾ ਆਯੋਜਨ ਕਪੂਰਥਲਾ ਗੋਲਫ ਐਸੋਸੀਏਸ਼ਨ ਤੇ ਆਰਸੀਐੱਫ ਗੋਲਫ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਵਿੱਚ ਲੜਕਿਆਂ ਤੇ ਲੜਕੀਆਂ ਲਈ ਛੇ ਉਮਰ ਵਰਗ ਰੱਖੇ ਗਏ ਸਨ, ਜਿਨ੍ਹਾਂ ਵਿੱਚ 7 ਸਾਲ ਤੋਂ ਘੱਟ ਉਮਰ ਤੋਂ ਲੈ ਕੇ 17 ਸਾਲ ਤੱਕ ਦੇ ਖਿਡਾਰੀ ਸ਼ਾਮਲ ਸਨ। ਮੁਕਾਬਲੇ ਤੋਂ ਪਹਿਲਾਂ 12 ਨਵੰਬਰ ਨੂੰ ਅਭਿਆਸ ਰਾਊਂਡ ਵੀ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਆਰਸੀਐੱਫ ਦੀ ਕਿੰਜਲ ਗੁਪਤਾ ਨੇ ਕੈਟੇਗਰੀ-ਏ (15 ਤੋਂ 17 ਸਾਲ) ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ। ਇਸ ਮੌਕੇ ਕਪੂਰਥਲਾ ਗੋਲਫ ਐਸੋਸੀਏਸ਼ਨ ਤੇ ਆਰਸੀਐੱਫ ਗੋਲਫ ਕਲੱਬ ਵੱਲੋਂ 15 ਨਵੰਬਰ ਨੂੰ ਇੰਟਰ-ਕਲੱਬ ਗੋਲਫ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ, ਜਿਸ ਉਪਰੰਤ ਦੁਪਹਿਰ 1:00 ਵਜੇ ਇਨਾਮ ਵੰਡ ਸਮਾਰੋਹ ਹੋਵੇਗਾ। ਇਸ ਮੌਕੇ ਆਰਸੀਐੱਫ ਦੇ ਜਨਰਲ ਮੈਨੇਜਰ ਅਜੈ ਨੰਦਨ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ।