ਅੱਜ ਮੱਛਰ ਦੀ ਪੈਦਾਵਾਰ ਰੋਕਾਂਗੇ, ਤਾਂ ਕੱਲ੍ਹ ਡੇਂਗੂ ਤੋਂ ਬਚਾਂਗੇ : ਡਾ. ਪਰਾਸ਼ਰ ਅੱਜ ਮੱਛਰ ਦੀ ਪੈਦਾਵਾਰ ਰੋਕਾਂਗੇ, ਤਾਂ ਕੱਲ੍ਹ ਡੇਂਗੂ ਤੋਂ ਬਚਾਂਗੇ : ਡਾਕਟਰ ਪਰਾਸ਼ਰ
Publish Date: Fri, 07 Aug 2026 06:46 PM (IST)
Updated Date: Fri, 07 Aug 2026 06:50 PM (IST)
--ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਖੁਦ ਫੀਲਡ ’ਚ ਜਾ ਕੇ ਡੇਂਗੂ ਲਾਰਵੇ ਦੀ ਚੈਕਿੰਗ --ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਦੀ ਅਪੀਲ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਡੇਂਗੂ ਦੀ ਰੋਕਥਾਮ ਤੇ ਲੋਕਾਂ ਨੂੰ ਇਸ ਤੋਂ ਬਚਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਐਂਟੀ-ਡੇਂਗੂ ਮੁਹਿੰਮ ਤਹਿਤ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਵੱਲੋਂ ਖੁਦ ਫੀਲਡ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਪਾਣੀ ਖੜ੍ਹਾ ਹੋਣ ਵਾਲੇ ਸੰਭਾਵੀ ਸਰੋਤਾਂ ਦੀ ਜਾਂਚ ਕੀਤੀ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵੇ ਦੀ ਚੈਕਿੰਗ ਤੇ ਉਸ ਦੇ ਖਾਤਮੇ ਲਈ ਲੋੜੀਂਦੀਆਂ ਕਾਰਵਾਈਆਂ ਕਰਨ ਦੇ ਨਿਰਦੇਸ਼ ਦਿੱਤੇ। ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਇਸ ਦੇ ਮੱਛਰ ਦੀ ਪੈਦਾਵਾਰ ਨੂੰ ਰੋਕਣਾ ਹੈ। ਇਸ ਲਈ ਘਰਾਂ, ਦਫ਼ਤਰਾਂ, ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਹੋਰ ਸੰਸਥਾਵਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਟੁੱਟੇ ਬਰਤਨਾਂ ਤੇ ਹੋਰ ਪਾਣੀ ਇਕੱਠਾ ਕਰਨ ਵਾਲੀਆਂ ਵਸਤੂਆਂ ਦੀ ਨਿਯਮਤ ਤੌਰ ’ਤੇ ਜਾਂਚ ਕਰਕੇ ਉਨ੍ਹਾਂ ਨੂੰ ਸਾਫ਼ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਐਂਟੀ-ਡੇਂਗੂ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਬ੍ਰੀਡਿੰਗ ਚੈਕਿੰਗ, ਬੁਖਾਰ ਸਰਵੇ, ਲਾਰਵੀਸਾਈਡ ਸਪਰੇਅ ਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਆਸ਼ਾ ਵਰਕਰਾਂ, ਬ੍ਰੀਡਿੰਗ ਚੈਕਰਾਂ, ਨਰਸਿੰਗ ਵਿਦਿਆਰਥੀਆਂ ਤੇ ਹੋਰ ਸਟਾਫ਼ ਵੱਲੋਂ ਵੀ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਮੱਛਰ ਦੀ ਪੈਦਾਵਾਰ ਰੋਕਾਂਗੇ, ਤਾਂ ਕੱਲ੍ਹ ਡੇਂਗੂ ਤੋਂ ਬਚਾਂਗੇ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਹਫ਼ਤੇ ਆਪਣੇ ਘਰ ਅਤੇ ਆਲੇ-ਦੁਆਲੇ ‘ਡ੍ਰਾਈ ਡੇਅ’ ਮਨਾਉਣ ਤੇ ਪਾਣੀ ਵਾਲੇ ਸਾਰੇ ਕੰਟੇਨਰਾਂ ਨੂੰ ਖਾਲੀ ਕਰਕੇ ਸਾਫ਼ ਕਰਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਨੂ ਸ਼ਰਮਾ, ਐਪੀਡੀਮੋਲੋਜਿਸਟ ਨੰਦਿਕਾ ਖੁੱਲਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀਸੀਸੀ ਜੋਤੀ ਅਨੰਦ ਆਦਿ ਵੀ ਹਾਜ਼ਰ ਸਨ।