ਕੂੜੇ ਦਾ ਡੰਪ ਨਾ ਹਟਾਇਆ ਤਾਂ ਲਾਵਾਂਗੇ ਧਰਨਾ : ਵੀਐੱਚਪੀ ਕੂੜੇ ਦੇ ਡੰਪ ਨੂੰ ਪੱਕੇ ਤੌਰ ਤੇ ਨਾ ਹਟਾਇਆ ਗਿਆ ਤਾਂ ਦੀਵਾਲੀ ਬਾਅਦ ਦਿੱਤਾ ਜਾਵੇਗਾ ਵਿਸ਼ਾਲ ਧਰਨਾ : ਅਸ਼ੋਕ ਬਾਬਾ/ਆਨੰਦ ਯਾਦਵ
Publish Date: Tue, 27 Oct 2026 07:46 PM (IST)
Updated Date: Tue, 27 Oct 2026 07:49 PM (IST)
--ਧਾਰਮਿਕ ਸਥਾਨਾਂ ਦੇ ਨੇੜੇ ਕੂੜੇ ਦੇ ਢੇਰ ਲੱਗਣ ਨਾਲ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਤੇ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ : ਜੱਸਲ --ਧਾਰਮਿਕ ਸਥਾਨਾਂ ਦੇ ਕੋਲੋਂ ਕੂੜੇ ਦਾ ਡੰਪ ਪੱਕੇ ਤੌਰ ’ਤੇ ਹਟਾਉਣ ਦੀ ਮੰਗ ਲੈ ਕੇ ਵੀਐੱਚਪੀ ਦੇ ਆਗੂਆਂ ਨੇ ਆਪ ਹਲਕਾ ਇੰਚਾਰਜ ਹੰਸਪਾਲ ਨੂੰ ਦਿੱਤਾ ਮੰਗ ਪੱਤਰ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਬੱਸ ਸਟੈਂਡ ਰੋਡ ’ਤੇ ਸ੍ਰੀ ਸਤਿਨਾਰਾਇਣ ਮੰਦਰ, ਗੁਰਦੁਆਰਾ ਸਾਹਿਬ (ਕੋਤਵਾਲੀ) ਸ਼੍ਰੀ ਹਨੂਮਾਨ ਮੰਦਰ ਤੇ ਸ੍ਰੀ ਭੈਰੋਂ ਮੰਦਰ ਦੇ ਕੋਲੋਂ ਕੂੜੇ ਦਾ ਡੰਪ ਪੱਕੇ ਤੌਰ ’ਤੇ ਹਟਾਉਣ ਦੀ ਮੰਗ ਲੈ ਕੇ ਵਿਸ਼ਵ ਹਿੰਦੂ ਤੇ ਪਰਿਸ਼ਦ ਬਜਰੰਗ ਦਲ ਦੇ ਆਗੂਆਂ ਦਾ ਇੱਕ ਵਫਦ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ, ਮੀਤ ਪ੍ਰਧਾਨ ਚੰਦਰ ਮੋਹਨ ਭੋਲਾ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਸ਼ਨ ਆਨੰਦ ਯਾਦਵ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਰੰਗਾ ਨੂੰ ਮਿਲਿਆ। ਇਸ ਮੌਕੇ ਆਗੂਆਂ ਨੇ ਸ੍ਰੀ ਸਤਿਨਾਰਾਇਣ ਮੰਦਰ, ਗੁਰਦੁਆਰਾ ਸਾਹਿਬ (ਕੋਤਵਾਲੀ) ਸ਼੍ਰੀ ਹਨੂਮਾਨ ਮੰਦਰ ਤੇ ਸ੍ਰੀ ਭੈਰੋਂ ਮੰਦਰ ਦੇ ਕੋਲੋਂ ਕੂੜੇ ਦਾ ਡੰਪ ਪੱਕੇ ਤੌਰ ’ਤੇ ਹਟਾਉਣ ਦੀ ਮੰਗ ਕਰਦਿਆਂ ਇੱਕ ਚੇਤਾਵਨੀ ਪੱਤਰ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਦੇ ਮੁੱਖ ਧਾਰਮਿਕ ਸਥਾਨਾਂ ਸਤਿਨਾਰਾਇਣ ਮੰਦਰ, ਸ੍ਰੀ ਹੰਨੂਮਾਨ ਮੰਦਰ ਗੁਰਦੁਆਰਾ ਸਾਹਿਬ (ਕੋਤਵਾਲੀ) ਤੇ ਸ੍ਰੀ ਭੈਰੋਂ ਮੰਦਰ ਦੇ ਬਿਲਕੁਲ ਕੋਲ ਲੱਗੇ ਕੂੜੇ ਦੇ ਡੰਪ ਨੂੰ ਹਟਾਇਆ ਜਾਵੇ। ਆਗੂਆਂ ਨੇ ਕਿਹਾ ਕਿ ਇਸ ਕੁੜੇ ਦੇ ਡੰਪ ਨਾਲ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚ ਰਹੀ ਹੈ। ਇਸ ਕੁੜੇ ਦੇ ਢੇਰ ਕਾਰਨ ਦੁਰਗੰਧ ਤੇ ਗੰਦਗੀ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਬੀਮਾਰੀਆਂ ਫੈਲਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ। ਇਸ ਦੌਰਾਨ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਤੇ ਆਮ ਰਾਹਗੀਰਾਂ ਨੂੰ ਲੰਘਣ-ਟੱਪਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਆਪ ਹਲਕਾ ਇੰਚਾਰਜ ਹੰਸਪਾਲ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਵੱਲ ਤੁਰੰਤ ਧਿਆਨ ਦਿੰਦਿਆਂ 10 ਦਿਨ ਦੇ ਅੰਦਰ-ਅੰਦਰ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ। ਇਸ ਮੁਲਾਕਾਤ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਬਾਵਾ ਤੇ ਸ਼ਹਿਰੀ ਪ੍ਰਧਾਨ ਮੋਹਿਤ ਜੱਸਲ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਨੇੜੇ ਕੂੜੇ ਦੇ ਢੇਰ ਲੱਗਣਾ ਨਾ ਸਿਰਫ਼ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ, ਬਲਕਿ ਇਹ ਕਰੋੜਾਂ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਤੇ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ। ਧਰਮ ਕੋਈ ਵੀ ਹੋਵੇ, ਹਰ ਇੱਕ ਵਿੱਚ ਸਫ਼ਾਈ ਨੂੰ ਪਰਮਾਤਮਾ ਦੀ ਭਗਤੀ ਦੇ ਬਰਾਬਰ ਮੰਨਿਆ ਗਿਆ ਹੈ। ਜਦੋਂ ਪਵਿੱਤਰ ਸਥਾਨਾਂ ਦੇ ਬਾਹਰ ਗੰਦਗੀ ਦੇ ਢੇਰ ਲੱਗਦੇ ਹਨ, ਤਾਂ ਇਹ ਆਸਥਾ ਨੂੰ ਡੂੰਘੀ ਸੱਟ ਮਾਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਵਿੱਤਰ ਅਸਥਾਨਾਂ ’ਤੇ ਨਤਮਸਤਕ ਹੋਣ ਆਉਣ ਵਾਲੇ ਲੋਕਾਂ ਦੇ ਮਨਾਂ ਵਿੱਚ ਗੰਦਗੀ ਦੇਖ ਕੇ ਨਿਰਾਸ਼ਾ ਹੁੰਦੀ ਹੈ। ਕੂੜੇ ਦੇ ਢੇਰਾਂ ਤੇ ਬੇਸਹਾਰਾ ਪਸ਼ੂ, ਮੱਖੀਆਂ ਤੇ ਮੱਛਰ ਪੈਦਾ ਹੁੰਦੇ ਹਨ, ਜਿਸ ਨਾਲ ਸੰਗਤਾਂ ਵਿੱਚ ਮਹਾਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਅਸ਼ੋਕ ਬਾਵਾ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਸ਼ਨ ਆਨੰਦ ਯਾਦਵ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੀਵਾਲੀ ਤੋਂ ਪਹਿਲਾ ਇਸ ਕੂੜੇ ਦੇ ਡੰਪ ਨੂੰ ਇਸ ਜਗ੍ਹਾ ਤੋਂ ਪੱਕੇ ਤੌਰ ’ਤੇ ਨਾ ਹਟਾਇਆ ਗਿਆ ਤਾਂ ਦੀਵਾਲੀ ਤੋਂ ਬਾਅਦ ਸ਼ਹਿਰ ਦੀਆਂ ਸਮੂਹ ਸਮਾਜਿਕ, ਧਾਰਮਿਕ, ਮੰਦਰ ਕਮੇਟੀਆਂ, ਸ਼ਹਿਰ ਨਿਵਾਸੀ ਤੇ ਰਾਜਨੀਤਿਕ ਸੰਗਠਨਾਂ ਨੂੰ ਨਾਲ ਲੈਕੇ ਅਣਮਿੱਥੇ ਸਮੇਂ ਲਈ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਸਹਿ ਮੰਤਰੀ ਸੰਜੇ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਮੋਹਿਤ ਜੱਸਲ, ਸ਼ਹਿਰੀ ਪ੍ਰਧਾਨ ਸੰਦੀਪ ਅਗਰਵਾਲ, ਜ਼ਿਲ੍ਹਾ ਸਤਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਬਜਰੰਗ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ ਆਦਿ ਹਾਜ਼ਰ ਸਨ।