1063 ਸਕੂਲ ਲੈਕਚਰਾਰਾਂ ਦੀ ਭਰਤੀ ’ਚ ਰਾਖਵਾਂਕਰਨ ਬਹਾਲ ਨਾ ਕੀਤਾ ਤਾਂ ਦਲਿਤ ਵਿਧਾਇਕਾਂ ਤੇ ਮੰਤਰੀਆਂ ਦਾ ਕਰਾਂਗੇ ਘਿਰਾਓ : ਡਾ. ਜੱਖੂ ਦਲਿਤ ਵਿਧਾਇਕਾਂ ਤੇ ਮੰਤਰੀਆਂ ਦਾ ਕਰਾਂਗੇ ਘਿਰਾਓ : ਡਾ. ਹਰਜਿੰਦਰ ਸਿੰਘ ਜੱਖੂ
Publish Date: Fri, 03 Jul 2026 08:45 PM (IST)
Updated Date: Fri, 03 Jul 2026 08:47 PM (IST)
ਮੁੱਖ ਮੰਤਰੀ ਤੇ ਸਮਾਜ ਭਲਾਈ ਮੰਤਰੀ ਪੰਜਾਬ ਦੇ ਨਾਂ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਜੈ ਭੀਮ ਟੀਮ ਪੰਜਾਬ ਅਤੇ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਵੱਲੋਂ 1063 ਸਕੂਲ ਲੈਕਚਰਾਰਾਂ ਦੀ ਭਰਤੀ ਵਿੱਚ ਰਾਖਵਾਂਕਰਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮਾਜ ਭਲਾਈ ਮੰਤਰੀ ਡਾ. ਬਲਜੀਤ ਕੌਰ ਦੇ ਨਾਂ ਐੱਸਡੀਐੱਮ ਫਗਵਾੜਾ ਨਵਜੋਤ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ। ਐੱਸਡੀਐੱਮ ਨੂੰ ਮੰਗ ਪੱਤਰ ਦੇਣ ਸਮੇਂ ਵਫ਼ਦ ਦੀ ਅਗਵਾਈ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਤੇ ਸਰਪ੍ਰਸਤ ਪ੍ਰਿੰਸੀਪਲ ਕੇਵਲ ਸਿੰਘ ਨੇ ਕੀਤੀ। ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1063 ਸਕੂਲ ਲੈਕਚਰਾਰਾਂ ਦੀ ਭਰਤੀ ਲਈ ਜਾਰੀ ਕੀਤੇ ਇਸ਼ਤਿਹਾਰ ਵਿੱਚ ਐੱਸਸੀ ਅਤੇ ਬੀਸੀ ਵਰਗ ਦੇ ਰਾਖਵੇਂ ਕੋਟੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਜੋ ਕਿ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਲਾਅ ਅਫ਼ਸਰਾਂ ਦੀ ਭਰਤੀ ਦੌਰਾਨ ਵੀ ਰਾਖਵਾਂਕਰਨ ਨੂੰ ਲੈ ਕੇ ਭਾਈਚਾਰੇ ਨੂੰ ਨਿਰਾਸ਼ ਕੀਤਾ ਸੀ ਅਤੇ ਹੁਣ ਦੁਬਾਰਾ ਲੈਕਚਰਾਰਾਂ ਦੀ ਭਰਤੀ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 10 ਦਿਨਾਂ ਦੇ ਅੰਦਰ ਮੌਜੂਦਾ ਇਸ਼ਤਿਹਾਰ ਵਾਪਸ ਲੈ ਕੇ ਰਾਖਵਾਂਕਰਨ ਦੀ ਵਿਵਸਥਾ ਸਮੇਤ ਨਵਾਂ ਇਸ਼ਤਿਹਾਰ ਜਾਰੀ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਮੁੱਚੇ ਪੰਜਾਬ ਵਿੱਚ ਦਲਿਤ ਸਮਾਜ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਐੱਸਸੀ ਵਿਧਾਇਕਾਂ, ਮੰਤਰੀਆਂ ਅਤੇ ਆਗੂਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਅਤੇ ਘਿਰਾਓ ਕੀਤੇ ਜਾਣਗੇ। ਪ੍ਰਿੰਸੀਪਲ ਕੇਵਲ ਸਿੰਘ ਨੇ ਕਿਹਾ ਕਿ ਰਾਖਵਾਂਕਰਨ ਦਲਿਤ ਅਤੇ ਪੱਛੜੇ ਵਰਗਾਂ ਦਾ ਸੰਵਿਧਾਨਿਕ ਹੱਕ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਆਪਣੇ ਹੱਕਾਂ ਦੀ ਰਾਖੀ ਲਈ ਡਟ ਕੇ ਸੰਘਰਸ਼ ਕਰੇਗੀ। ਇਸ ਮੌਕੇ ਹੈਪੀ ਕੋਲ ਸਟੇਟ ਕੋਆਰਡੀਨੇਟਰ, ਰਾਜੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ, ਅਸ਼ਵਨੀ ਬਗਾਣੀਆ ਕੇਂਦਰੀ ਕਮੇਟੀ ਮੈਂਬਰ, ਯਸ਼ਵੀਰ ਮਹੇ ਸ਼ਹਿਰੀ ਪ੍ਰਧਾਨ, ਜੱਸੀ ਕੋਟ ਰਾਣੀ ਜਨਰਲ ਸਕੱਤਰ, ਪ੍ਰਿੰਸੀਪਲ ਹਰਮੇਸ਼ ਘੇੜਾ ਸੂਬਾ ਪ੍ਰਧਾਨ, ਸ਼ਡਿਊਲਡ ਪੀਈਸੀ ਵੈੱਲਫੇਅਰ ਆਰਗੇਨਾਈਜ਼ੇਸ਼ਨ ਪੰਜਾਬ, ਸਰਪੰਚ ਸਤਪਾਲ ਸਿੰਘ, ਸੁਰਿੰਦਰ ਕੁਮਾਰ ਬਹੁਜਨ ਸੰਘਰਸ਼ ਆਰਗੇਨਾਈਜ਼ੇਸ਼ਨ ਅਤੇ ਬੀਕੇ ਰੱਤੂ ਮੀਡੀਆ ਸਲਾਹਕਾਰ, ਜੈ ਭੀਮ ਟੀਮ ਪੰਜਾਬ ਤੇ ਜਸਵੀਰ ਸਿੰਘ ਕੋਕਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।