ਜੇ ਪੁਲਸ ਮੁਲਾਜ਼ਮ ਸੁਰੱਖਿਅਤ ਨਹੀਂ ਤਾਂ ਹੋਰ ਕੌਣ : ਪੰਡਿਤ\ਅਸ਼ੋਕ\ਵਾਲੀਆਂ ਜਦੋਂ ਡਿਊਟੀ ਤੇ ਪੁਲਸ ਮੁਲਾਜ਼ਮ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਕਿੰਨਾ ਸੁਰੱਖਿਅਤ : ਪੰਡਿਤ\ਅਸ਼ੋਕ\ਵਾਲੀਆਂ
Publish Date: Mon, 21 Sep 2026 07:33 PM (IST)
Updated Date: Mon, 21 Sep 2026 07:35 PM (IST)
--ਪੁਲਸ ਦਾ ਮਨੋਬਲ ਮਜ਼ਬੂਤ ਰੱਖਣਾ ਵੀ ਸਮਾਜ ਦੀ ਜ਼ਿੰਮੇਵਾਰੀ : ਵੀਐੱਚਪੀ --ਰਾਤ ਦੀ ਗਸ਼ਤ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਵਿਵਸਥਾ ਦੀ ਹੋਵੇ ਸਮੀਖਿਆ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਥਾਣਾ ਸੁਭਾਨਪੁਰ ਦੇ ਐੱਸਐੱਚਓ ਅਮਨਦੀਪ ਨਾਹਰ ’ਤੇ ਹਮਲੇ ਤੇ ਅੰਮ੍ਰਿਤਸਰ ਵਿਖੇ ਡਿਊਟੀ ਦੌਰਾਨ ਪੰਜਾਬ ਪੁਲਸ ਦੇ ਏਐੱਸਆਈ ਹਰਜੀਤ ਸਿੰਘ ਦੇ ਕਤਲ ਦੀ ਘਟਨਾ ’ਤੇ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨੇ ਅਮਨ-ਕਾਨੂੰਨ ਤੇ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਸਿਰਫ ਇਕ ਪੁਲਸ ਮੁਲਾਜ਼ਮ ਦੇ ਪਰਿਵਾਰ ਦਾ ਦੁਖਾਂਤ ਨਾ ਮੰਨ ਕੇ ਅਮਨ-ਕਾਨੂੰਨ ਨਾਲ ਜੁੜਿਆ ਗੰਭੀਰ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਉਪਲੱਬਧ ਰਿਪੋਰਟਾਂ ਅਨੁਸਾਰ ਏਐੱਸਆਈ ਹਰਜੀਤ ਸਿੰਘ ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣਾ ਖੇਤਰ ਵਿਚ ਪੀਸੀਆਰ ਡਿਊਟੀ ਨਾਲ ਜੁੜੇ ਹੋਏ ਸਨ। 18 ਸਤੰਬਰ ਦੀ ਰਾਤ ਭਗਤਾਂਵਾਲਾ ਅਨਾਜ ਮੰਡੀ ਨੇੜੇ ਉਨ੍ਹਾਂ ’ਤੇ ਹਮਲਾ ਹੋਇਆ। ਨਰੇਸ਼ ਪੰਡਿਤ ਨੇ ਕਿਹਾ ਕਿ ਪੁਲਸ ਮੁਲਾਜ਼ਮ ਤਿਉਹਾਰਾਂ ਤੋਂ ਲੈ ਕੇ ਆਮ ਦਿਨਾਂ ਤੱਕ ਸੜਕਾਂ, ਬਾਜ਼ਾਰਾਂ ਤੇ ਸੰਵੇਦਨਸ਼ੀਲ ਥਾਵਾਂ ’ਤੇ ਡਿਊਟੀ ਕਰਦੇ ਹਨ। ਅਜਿਹੇ ਵਿਚ ਡਿਊਟੀ ਦੌਰਾਨ ਕਿਸੇ ਪੁਲਸ ਮੁਲਾਜ਼ਮ ’ਤੇ ਹਮਲਾ ਜਾਂ ਪੁਲਸ ਮੁਲਾਜ਼ਮ ਦੇ ਕਤਲ ਦੀ ਘਟਨਾ ਸੁਭਾਵਿਕ ਤੌਰ ’ਤੇ ਸਮਾਜ ਨੂੰ ਚਿੰਤਾ ’ਚ ਪਾਉਂਦੀ ਹੈ। ਜੇ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਹੋ ਸਕਦਾ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਅਪਰਾਧ ਰੋਕਣਾ ਇਕੱਲੇ ਪੁਲਸ ਵਿਭਾਗ ਦੀ ਜ਼ਿੰਮੇਵਾਰੀ ਮੰਨ ਕੇ ਸਮਾਜ ਵੱਖ ਨਹੀਂ ਹੋ ਸਕਦਾ। ਸ਼ੱਕੀ ਗਤੀਵਿਧੀਆਂ ਦੀ ਸੂਚਨਾ ਸਮੇਂ ਸਿਰ ਪੁਲਸ ਨੂੰ ਦੇਣਾ, ਜਨਤਕ ਥਾਵਾਂ ’ਤੇ ਪ੍ਰਭਾਵਸ਼ਾਲੀ ਨਿਗਰਾਨੀ ਤੇ ਨਾਗਰਿਕਾਂ ਤੇ ਪੁਲਸ ਵਿਚਾਲੇ ਬਿਹਤਰ ਗੱਲਬਾਤ ਅਪਰਾਧ ਰੋਕਣ ’ਚ ਮਦਦਗਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਜਲਦ ਨਤੀਜੇ ਤੇ ਪਹੁੰਚੇ ਤੇ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਜਾਵੇ। ਨਰੇਸ਼ ਪੰਡਿਤ ਨੇ ਏਐੱਸਆਈ ਹਰਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੇ ਪੁਲਸ ਮੁਲਾਜ਼ਮ ਨੂੰ ਸ਼ਰਧਾਂਜਲੀ ਭੇਟ ਕੀਤੀ।