ਮਿਡ ਡੇ ਮੀਲ ਦੀ ਰਾਸ਼ੀ ਨਾ ਭੇਜੀ ਤਾਂ ਹਫ਼ਤੇ ਬਾਅਦ ਹੋਵੇਗਾ ਬਾਈਕਾਟ : ਜੀਟੀਯੂ ਸਕੂਲਾਂ ਵਿੱਚ ਮਿਡ ਡੇ ਮੀਲ ਦੀ ਰਾਸ਼ੀ ਜਲਦ ਨਾ ਭੇਜੀ ਤਾਂ ਇੱਕ ਹਫ਼ਤੇ ਬਾਅਦ ਇਸ ਦਾ ਬਾਈਕਾਟ ਹੋਵੇਗਾ
Publish Date: Tue, 22 Sep 2026 07:57 PM (IST)
Updated Date: Tue, 22 Sep 2026 08:00 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦੇਣ ਲਈ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਰਾਸ਼ੀ ਨਾ ਆਉਣ ਕਾਰਨ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇੱਕ ਹਫ਼ਤੇ ਦੇ ਅੰਦਰ-ਅੰਦਰ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਇਸ ਦਾ ਅਧਿਆਪਕਾਂ ਵੱਲੋਂ ਸਮੁੱਚੇ ਰੂਪ ਵਿੱਚ ਬਾਈਕਾਟ ਕੀਤਾ ਜਾਵੇਗਾ। ਇਸ ਸਬੰਧੀ ਜੀਟੀਯੂ ਦੀ ਸੁਲਤਾਨਪੁਰ ਲੋਧੀ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਮਾਸਟਰ ਨਰੇਸ਼ ਕੋਹਲੀ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਅਧਿਆਪਕ ਖੱਜਲ-ਖੁਆਰ ਹੋ ਰਹੇ ਹਨ ਤੇ ਆਪਣੀਆਂ ਜੇਬਾਂ ਵਿਚੋਂ ਪੈਸਾ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੈਸੇ ਦੀ ਅਦਾਇਗੀ ਕਰਨ ਲਈ ਨਵਾਂ ਸਿਸਟਮ ਸ਼ੁਰੂ ਕੀਤੇ ਜਾਣ ਕਾਰਨ ਅਧਿਆਪਕ ਬਿੱਲ ਤਿਆਰ ਕਰਨ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ ਹਨ। ਇਸ ਮੌਕੇ ਜਥੇਬੰਦੀ ਨੇ ਸਰਕਾਰ ਵੱਲੋਂ ਬੀਤੇ ਦਿਨੀਂ ਸਾਂਝੇ ਮੁਲਾਜ਼ਮ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਖੇਡੀ ਗਈ ਚਾਲ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ 18 ਫ਼ੀਸਦੀ ਡੀਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਕੇਂਦਰੀ ਸਕੇਲ ਲਾਗੂ ਕਰਵਾਉਣ ਵਾਲ਼ਾ ਪੱਤਰ ਰੱਦ ਕਰਨ ਤੇ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸਰਕਾਰ ਜਿੰਨੀਆਂ ਮਰਜ਼ੀ ਕੋਝੀਆਂ ਚਾਲਾਂ ਚੱਲ ਲਵੇ ਪਰ ਪੰਜਾਬ ਦੇ ਸਮੁੱਚੇ ਮੁਲਾਜ਼ਮ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਜੀਟੀਯੂ ਦਾ ਨਵਾਂ ਝੰਡਾ ਅਧਿਆਪਕਾਂ ਦੇ ਸੰਘਰਸ਼ ਨੂੰ ਸਮਰਪਿਤ ਕਰਦਿਆਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਸ਼ਵਨੀ ਕੁਮਾਰ, ਅਮ੍ਰਿਤਪਾਲ ਸਿੰਘ ਲੋਹੀਆਂ, ਜਗਜੀਤ ਸਿੰਘ ਰਾਜੂ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਪ੍ਰਦੀਪ ਸਿੰਘ ਘੁਮਾਣ, ਅਵਤਾਰ ਸਿੰਘ, ਸ਼ਿੰਦਰ ਸਿੰਘ, ਅਮਨਦੀਪ ਸਿੰਘ ਬਿਧੀਪੁਰ, ਗੁਰਪ੍ਰੀਤ ਸਿੰਘ ਬੂਲਪੁਰ ਆਦਿ ਹਾਜ਼ਰ ਸਨ।