ਜੇ ਪਹਿਲੀ ਨੂੰ ਝੋਨੇ ਦੀ ਖਰੀਦ ਸ਼ੁਰੂ ਨਾ ਹੋਈ ਤਾਂ ਕਿਸਾਨ ਸੜਕਾਂ ’ਤੇ ਉਤਰਨਗੇ ਕਿਸਾਨ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਗੇ : ਕਿਸਾਨ ਆਗੂ
Publish Date: Sat, 26 Sep 2026 07:55 PM (IST)
Updated Date: Sat, 26 Sep 2026 07:57 PM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ ਦੀ ਅਗਵਾਈ ਹੇਠ ਪਿੰਡ ਰਤੜਾ ਵਿਖੇ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂ ਰਘਬੀਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਪਰ ਸਰਕਾਰ ਝੋਨਾ ਖ੍ਰੀਦਣ ਵਿਚ ਨਾਕਾਮਯਾਬ ਰਹੀ ਹੈ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਝੋਨਾ ਖਰੀਦਣ ਦੀ ਬਜਾਏ ਘਰ-ਘਰ ਜਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਲੱਗਾ ਹੋਇਆ ਹੈ, ਸਰਕਾਰ ਦਾ ਕਿਸਾਨਾਂ ਦੀਆਂ ਫਸਲਾਂ ਚੁੱਕਣ ਸਬੰਧੀ ਕੋਈ ਵੀ ਹੁਣ ਤੱਕ ਬਿਆਨ ਨਹੀਂ ਸਾਹਮਣੇ ਆਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਮਜਬੂਰ ਕਿਸਾਨ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ ਕਿਉਂਕਿ ਜੋ ਮੰਡੀਆਂ ਵਿੱਚ ਹੁਣ ਝੋਨਾ ਆ ਰਿਹਾ ਹੈ ਉਹ ਸਰਕਾਰੀ ਰੇਟ ਤੋਂ 200 ਰੁਪਏ ਘੱਟ ਰੇਟ ’ਤੇ ਪ੍ਰਾਈਵੇਟ ਖਰੀਦਿਆ ਜਾ ਰਿਹਾ, ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਸਰਕਾਰ ਇੱਕ ਅਕਤੂਬਰ ਤੋਂ ਪਹਿਲਾਂ ਬਾਰਦਾਨਾ ਮੰਡੀਆਂ ਵਿੱਚ ਭੇਜਣ ਦਾ ਪ੍ਰਬੰਧ ਤੇ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਖਰੀਦ ਕਰਨ ਲਈ ਆਦੇਸ਼ ਦੇ ਦੇਣੇ ਚਾਹੀਦੇ ਹਨ ਤਾਂ ਜੋ ਇੱਕ ਅਕਤੂਬਰ ਤੋਂ ਨਿਰਵਿਘਨ ਝੋਨੇ ਦੀ ਖਰੀਦ ਹੋ ਸਕੇ। ਉਨ੍ਹਾਂ ਕਿਹਾ ਕਿ ਪਰ ਸਰਕਾਰ ਵੱਲੋਂ ਹੁਣ ਤੱਕ ਸੈਲਰਾਂ ਦੀ ਅਲਾਟਮੈਂਟ ਵੀ ਨਹੀਂ ਕੀਤੀ ਗਈ, ਜਿਸ ਤੋਂ ਲੱਗਦਾ ਹੈ ਕਿ ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਸਹੀ ਨਹੀਂ ਹੈ। ਇਸ ਲਈ ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲਾਮਬੰਦ ਹੋ ਕੇ ਆਪਣੇ ਹੱਕ ਲੈਣ ਲਈ ਤਿਆਰ ਰਹਿਣ। ਇਸ ਮੌਕੇ ਸਾਬਕਾ ਸਰਪੰਚ ਅਮਰੀਕ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਸ਼ਾਹੀ, ਲੱਖਾ ਸਿੰਘ ਪਹਿਲਵਾਨ, ਮੰਗਲ ਸਿੰਘ, ਫੁੰਮਣ ਸਿੰਘ ਬਾਜਾ, ਦਰਸ਼ਨ ਸਿੰਘ ਹਰਜੀਤ ਸਿੰਘ, ਜਸਬੀਰ ਸਿੰਘ, ਅਮਰਜੀਤ ਸਿੰਘ ਪੱਡਾ, ਦਲੇਰ ਸਿੰਘ, ਜਸਵੰਤ ਸਿੰਘ ਹਾਜ਼ਰ ਸਨ।