ਡਰੇਨ ਦੀ ਸਫਾਈ ਨਾ ਹੋਈ ਤਾਂ ਸੜਕਾਂ ਹੋਣਗੀਆਂ ਜਾਮ
ਡਰੇਨ ਦੀ ਸਫਾਈ ਨਾ ਹੋਈ ਤਾਂ ਸੜਕਾਂ ਹੋਣਗੀਆਂ ਜਾਮ, ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਆਖ਼ਰੀ ਚੇਤਾਵਨੀ
Publish Date: Tue, 09 Jun 2026 08:43 PM (IST)
Updated Date: Tue, 09 Jun 2026 08:44 PM (IST)

ਡਾਫ ਲੱਗਣ ਨਾਲ ਹਰ ਸਾਲ ਹੁੰਦਾ ਫਸਲਾਂ ਦਾ ਭਾਰੀ ਨੁਕਸਾਨ ਕਿਸਾਨਾਂ ਨੇ ਸਰਕਾਰ ਨੂੰ ਦਿੱਤੀ ਆਖ਼ਰੀ ਚੇਤਾਵਨੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਪਿੰਡ ਅਮਰਜੀਤਪੁਰ (ਪੱਕਾ ਕੋਠਾ) ਵਿਖੇ ਪਿੰਡ ਵਾਸੀਆਂ ਤੇ ਵੱਡੀ ਗਿਣਤੀ ਕਿਸਾਨਾਂ ਦੀ ਇਕ ਵਿਸ਼ੇਸ਼ ਬੈਠਕ ਹੋਈ, ਜਿਸ ਵਿਚ ਇਲਾਕੇ ਦੇ ਕਿਸਾਨਾਂ ਨੇ ਡਰੇਨ ਨਾਲੇ ਦੀ ਸਫਾਈ ਦੇ ਮੁੱਦੇ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ। ਬੈਠਕ ਦੌਰਾਨ ਪਰਮਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬੰਬ ਸਾਬਕਾ ਸਰਪੰਚ, ਸਕੱਤਰ ਸਿੰਘ ਆਦਿ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਸਾਲਾਂ ਤੋਂ ਡਰੇਨ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਮੌਸਮ ਵਿਚ ਉਨ੍ਹਾਂ ਦੀਆਂ ਸੈਂਕੜੇ ਏਕੜ ਫਸਲਾਂ ਪਾਣੀ ਹੇਠ ਆ ਜਾਂਦੀਆਂ ਹਨ, ਜਿਸ ਨਾਲ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2023-25 ਵਿਚ ਵੀ ਪਹਿਲਾਂ ਉਨ੍ਹਾਂ ਨੇ ਸਰਕਾਰੀ ਅਣਗਹਿਲੀ ਤੋਂ ਤੰਗ ਆ ਕੇ ਆਪਣੀਆਂ ਜੇਬਾਂ ਵਿਚੋਂ ਲੱਖਾਂ ਰੁਪਏ ਖਰਚ ਕਰਕੇ ਡਰੇਨ ਦੀ ਸਫਾਈ ਕਰਵਾਈ ਸੀ ਪਰ ਇਸ ਦੇ ਬਾਵਜੂਦ ਨਾ ਤਾਂ ਸਰਕਾਰ ਨੇ ਕੋਈ ਸਬਕ ਲਿਆ ਤੇ ਨਾ ਹੀ ਸਬੰਧਤ ਵਿਭਾਗ ਨੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਕੋਈ ਕਦਮ ਚੁੱਕਿਆ। ਬੈਠਕ ਵਿਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖਤੀ ਮੰਗ ਪੱਤਰ ਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕਰਕੇ ਆਪਣਾ ਮਸਲਾ ਉਠਾ ਚੁੱਕੇ ਹਨ। ਇਸ ਦੇ ਬਾਵਜੂਦ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਦੇ ਅਧਿਕਾਰੀ ਤੇ ਜੇਈ ਮੌਕੇ ਦਾ ਦੌਰਾ ਕਰਕੇ ਵਾਪਸ ਚਲੇ ਜਾਂਦੇ ਹਨ, ਪਰ ਧਰਾਤਲ ਤੇ ਕੰਮ ਸ਼ੁਰੂ ਕਰਨ ਲਈ ਕੋਈ ਯੋਜਨਾ ਨਜ਼ਰ ਨਹੀਂ ਆ ਰਹੀ। ਸਰਪੰਚ ਜਰਨੈਲ ਸਿੰਘ, ਇਕਾਈ ਪ੍ਰਧਾਨ ਤਰਸੇਮ ਸਿੰਘ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਹਰ ਸਾਲ ਪਹਿਲਾਂ ਉਨ੍ਹਾਂ ਦੀਆਂ ਫਸਲਾਂ ਪਾਣੀ ਵਿਚ ਬਰਬਾਦ ਹੁੰਦੀਆਂ ਹਨ ਤੇ ਬਾਅਦ ਵਿਚ ਮੁਆਵਜ਼ੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ ਪਰ ਹਕੀਕਤ ਇਹ ਹੈ ਕਿ ਕਿਸਾਨਾਂ ਦੇ ਹੱਥ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਲੱਗਦਾ। ਸਰਕਾਰ ਵੱਲੋਂ ਵਾਰ-ਵਾਰ ਕੀਤੇ ਜਾਂਦੇ ਵਾਅਦੇ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਜਦਕਿ ਜ਼ਮੀਨੀ ਹਕੀਕਤ ਵਿਚ ਕੋਈ ਤਬਦੀਲੀ ਨਹੀਂ ਆਉਂਦੀ। ਬੈਠਕ ਦੌਰਾਨ ਕਿਸਾਨਾਂ ਨੇ ਇਕ ਸੁਰ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਡਰੇਨ ਨਾਲੇ ਦੀ ਤੁਰੰਤ ਸਫਾਈ ਨਹੀਂ ਕੀਤੀ ਗਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਸੜਕਾਂ ਜਾਮ ਕਰਨ ਤੇ ਤਿੱਖੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਡਰੇਨ ਦੀ ਸਫਾਈ ਕਰਵਾ ਕੇ ਇਲਾਕੇ ਦੇ ਕਿਸਾਨਾਂ ਨੂੰ ਹੋਣ ਵਾਲੇ ਭਾਰੀ ਨੁਕਸਾਨ ਤੋਂ ਬਚਾਇਆ ਜਾਵੇ। ਇਸ ਮੌਕੇ ਪਰਮਜੀਤ ਸਿੰਘ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜਰਨੈਲ ਸਿੰਘ ਸਰਪੰਚ, ਬਲਵਿੰਦਰ ਸਿੰਘ ਬੰਬ ਸਾਬਕਾ ਸਰਪੰਚ, ਸਕੱਤਰ ਸਿੰਘ, ਗੁਰਮੀਤ ਸਿੰਘ ਜੰਮੂ, ਗੁਰਦੀਪ ਸਿੰਘ ਮੈਂਬਰ, ਰਣਜੀਤ ਸਿੰਘ ਖਜ਼ਾਨਚੀ, ਸੁਖਦੇਵ ਸਿੰਘ, ਤਰਸੇਮ ਸਿੰਘ ਇਕਾਈ ਪ੍ਰਧਾਨ, ਹਰਦੇਵ ਸਿੰਘ, ਵੈਦ ਸੁਖਦੇਵ ਸਿੰਘ, ਸੁਰਜੀਤ ਸਿੰਘ ਢਾਡੀ, ਸੁਰੇਸ਼ ਕੁਮਾਰ ਮੈਂਬਰ, ਬਲਦੇਵ ਸਿੰਘ ਫੌਜੀ, ਪ੍ਰੇਮ ਸਿੰਘ, ਜਸਪਾਲ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ ਮੰਗਾ, ਸੌਰਵ ਕੁਮਾਰ, ਬਾਬਾ ਕਰਨੈਲ ਸਿੰਘ ਗ੍ਰੰਥੀ, ਕਰਮ ਸਿੰਘ ਆਦਿ ਸਣੇ ਵੱਡੀ ਗਿਣਤੀ ਵਿਚ ਪਿੰਡ ਤੇ ਇਲਾਕਾ ਨਿਵਾਸੀ ਮੌਜੂਦ ਸਨ।