ਅਰੁਣ ਖੋਸਲਾ ਤੇ ਸ਼ਿਵ ਸੈਨਾ ਸਿਰਫ ਦਿਖਾਵਾ ਕਰਦੇ ਹਨ : ਹਰਭਜਨ ਸ਼ਿਵ ਸੈਨਾ ਡਾ. ਅੰਬੇਡਕਰ ਜੀ ਦਾ ਇੰਨਾ ਸਨਮਾਨ ਕਰਦੇ ਹਨ ਤਾਂ ਸੰਵਿਧਾਨ ਚੌਂਕ ਦਾ ਵਿਰੋਧ ਕਿਉਂ : ਹਰਭਜਨ ਸੁਮਨ
Publish Date: Thu, 10 Sep 2026 08:58 PM (IST)
Updated Date: Thu, 10 Sep 2026 09:01 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲੁਧਿਆਣਾ ਵਿਖੇ ਲਗਾਏ ਗਏ ਧਰਨੇ ਵਿੱਚ ਸ਼ਾਮਲ ਹੋਣ ਉਪਰੰਤ ਅੰਬੇਡਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਨੇ ਕਿਹਾ ਕਿ ਬਹੁਜਨ ਸਮਾਜ ਤੇ ਔਰਤਾਂ ਦੇ ਮੁਕਤੀਦਾਤਾ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਦਾ ਮਾਹੌਲ ਸ਼ਾਂਤਮਈ ਬਣਿਆ ਰਹੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹਰਭਜਨ ਸੁਮਨ ਨੇ ਫਗਵਾੜਾ ਤੋਂ ਭਾਜਪਾ ਆਗੂ ਅਰੁਣ ਖੋਸਲਾ ਤੇ ਸ਼ਿਵ ਸੈਨਾ ਦੇ ਇੰਦਰਜੀਤ ਕਰਵਲ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਵਾਪਰੀ ਘਟਨਾ ਦੀ ਨਿੰਦਾ ਕੀਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਦੋਸ਼ ਲਾਇਆ ਕਿ ਉਹ ਸਮਾਜ ਦੇ ਦਰਦੀ ਹੋਣ ਦਾ ਸਿਰਫ਼ ਦਿਖਾਵਾ ਕਰ ਰਹੇ ਹਨ। ਜੇਕਰ ਅਰੁਣ ਖੋਸਲਾ ਤੇ ਸ਼ਿਵ ਸੈਨਾ ਆਗੂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਅਸਲ ਹਿਤੈਸ਼ੀ ਹਨ ਤੇ ਉਨ੍ਹਾਂ ਲਈ ਦਿਲ ਵਿੱਚ ਸਤਿਕਾਰ ਰੱਖਦੇ ਹਨ ਤਾਂ ਫਗਵਾੜਾ ਵਿਖੇ ਸੰਵਿਧਾਨ ਚੌਂਕ ਬਣਾਉਣ ਦਾ ਵਿਰੋਧ ਕਿਉਂ ਕਰਦੇ ਹਨ? ਉਨ੍ਹਾਂ ਕਿਹਾ ਕਿ ਜੇਕਰ ਉਹ ਬਾਬਾ ਸਾਹਿਬ ਪ੍ਰਤੀ ਸੱਚਾ ਸਤਿਕਾਰ ਰੱਖਦੇ ਹਨ ਤਾਂ ਉਨ੍ਹਾਂ ਨੂੰ ਫਗਵਾੜਾ ਵਿਖੇ ਸੰਵਿਧਾਨ ਚੌਂਕ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਹਰਭਜਨ ਸੁਮਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਧਿਆਣਾ ਦੀ ਘਟਨਾ ਦੀ ਡੂੰਘਾਈ ਨਾਲ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ।