ਪ੍ਰਵਾਸੀ ਪੰਜਾਬੀ ਲੇਖਿਕਾ ਦਾ ਕੀਤਾ ਸਨਮਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਵਾਸੀ ਪੰਜਾਬੀ ਲੇਖਿਕਾ ਬੀਬੀ ਸਰਬਜੀਤ ਸਿੰਘ ਜਰਮਨੀ ਦਾ ਸਨਮਾਨ
Publish Date: Sat, 22 Aug 2026 07:51 PM (IST)
Updated Date: Sat, 22 Aug 2026 07:54 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਵਾਸੀ ਪੰਜਾਬੀ ਲੇਖਿਕਾ ਬੀਬੀ ਸਰਬਜੀਤ ਸਿੰਘ ਜਰਮਨੀ ਦੇ ਸਨਮਾਨ ਵਿੱਚ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆ ਆਖਿਆ। ਸਭਾ ਦੇ ਸਕੱਤਰ ਤੇ ਲੇਖਕ ਮੁਖਤਾਰ ਸਿੰਘ ਚੰਦੀ ਨੇ ਮੁੱਖ ਮਹਿਮਾਨ ਬੀਬਾ ਸਰਬਜੀਤ ਸਿੰਘ ਦੀ ਸਾਹਿਤਿਕ ਤੇ ਸਮਾਜਿਕ ਘਾਲਣਾ ਬਾਰੇ ਜਾਣਕਾਰੀ ਸ੍ਰੋਤਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੀਬੀ ਸਰਬਜੀਤ ਸਿੰਘ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ, ਜੋ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੀ ਮਿੱਟੀ, ਵਿਰਸੇ ਤੇ ਮਾਂ ਬੋਲੀ ਪੰਜਾਬੀ ਨਾਲ ਧੁਰ ਅੰਦਰੋਂ ਜੁੜੇ ਹੋਏ ਹਨ। ਬੀਬਾ ਜੀ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ 6 ਪੁਸਤਕਾਂ ਪਾ ਚੁੱਕੇ ਹਨ, ਜਿਨ੍ਹਾਂ ਵਿੱਚ 2 ਕਹਾਣੀ ਸੰਗ੍ਰਹਿ, 1 ਕਾਵਿ ਸੰਗ੍ਰਹਿ ਤੇ 3 ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ। ਇਸ ਮੌਕੇ ਬੀਬਾ ਸਰਬਜੀਤ ਸਿੰਘ ਜਰਮਨੀ ਦਾ ਕਹਾਣੀ ਸੰਗ੍ਰਹਿ ਈਮਾਨ ਅਜੇ ਜਿਉਂਦਾ ਹੈ ਤੇ ਇੱਕ ਮੈਗਜ਼ੀਨ ਗੁਰੂ ਕੀ ਰਸੋਈ ਨਵਾਂ ਸ਼ਹਿਰ ਦਾ ਜੂਨ 2026 ਅੰਕ ਵੀ ਸਾਹਿਤ ਸਭਾ ਵੱਲੋਂ ਨਰਿੰਦਰ ਸਿੰਘ ਸੋਨੀਆ, ਡਾ. ਸਵਰਨ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਪ੍ਰਿੰਸੀਪਲ ਲਖਬੀਰ ਸਿੰਘ, ਮਾਸਟਰ ਅਜੀਤ ਸਿੰਘ ਨੇ ਲੋਕ ਅਰਪਣ ਕੀਤਾ। ਇਸ ਮੌਕੇ ਬੀਬਾ ਸਰਬਜੀਤ ਸਿੰਘ ਜਰਮਨੀ ਨੇ ਆਪਣੇ ਸਾਹਿਤਿਕ ਸਫਰ ਤੇ ਗੁਰੂ ਕੀ ਰਸੋਈ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਪ੍ਰਿੰ. ਲਖਬੀਰ ਸਿੰਘ ਨੇ ਬੀਬਾ ਜੀ ਦੇ ਕਹਾਣੀ ਸੰਗ੍ਰਹਿ ਈਮਾਨ ਅਜੇ ਜਿਉਂਦਾ ਹੈ ਵਿੱਚ ਸ਼ਾਮਲ ਕਹਾਣੀਆਂ ’ਤੇ ਚਰਚਾ ਕੀਤੀ। ਸਮਾਗਮ ਨੂੰ ਇੰਜੀਨੀਅਰ ਪ੍ਰਤਾਪ ਸਿੰਘ ਮੋਮੀ, ਇੰਜੀਨੀਅਰ ਸੁਖਦੇਵ ਸਿੰਘ ਟਿੱਬਾ, ਮਾਸਟਰ ਅਜੀਤ ਸਿੰਘ, ਮਾਸਟਰ ਕਰਨੈਲ ਸਿੰਘ ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਮੁਖਤਿਆਰ ਸਿੰਘ ਖਿੰਡਾ ਪ੍ਰਧਾਨ ਲਾਇਨਜ਼ ਕਲੱਬ, ਇੰਜੀ. ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਬੀਬੀ ਸਰਬਜੀਤ ਸਿੰਘ ਜਰਮਨੀ ਨੂੰ ਉਨ੍ਹਾਂ ਦੀਆਂ ਸਾਹਿਤਿਕ ਕਿਰਤਾਂ ਲਈ ਮੁਬਾਰਕਬਾਦ ਦਿੱਤੀ। ਸਾਹਿਤ ਸਭਾ ਵੱਲੋਂ ਬੀਬੀ ਸਰਬਜੀਤ ਸਿੰਘ ਜਰਮਨੀ, ਉਨ੍ਹਾਂ ਦੇ ਪਤੀ ਆਤਮਾ ਸਿੰਘ ਤੇ ਮਾਤਾ-ਪਿਤਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸ਼ਾਇਰ ਮੁਖਤਾਰ ਸਿੰਘ ਚੰਦੀ, ਗਾਇਕ ਬਲਵੀਰ ਸ਼ੇਰਪੁਰੀ, ਕਵਿੱਤਰੀ ਕੁਲਵਿੰਦਰ ਕੰਵਲ, ਗੁਰਮੇਲ ਸਿੰਘ ਜੈਨਪੁਰੀ, ਲੇਖਿਕਾ ਸੁਖਜਿੰਦਰ ਕੌਰ ਲਾਡੀ ਭੁੱਲਰ, ਗੁਰਲਾਲਜੀਤ ਕੌਰ, ਸੰਦੀਪ ਸ਼ੇਖਮਾਗਾ, ਰਾਜ ਹਰੀਕੇ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗੀ ਦਾਦ ਹਾਸਲ ਕੀਤੀ। ਅਖੀਰ ਵਿੱਚ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਆਏ ਅਦਬੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਮੁਖਤਿਆਰ ਸਿੰਘ ਖਿੰਡਾ, ਨੰਬਰਦਾਰ ਸੁਰਿੰਦਰ ਪਾਲ ਸਿੰਘ ਸੋਢੀ, ਪਰਦੀਪ ਸਿੰਘ, ਮਾਸਟਰ ਗੁਰਚਮਨ ਲਾਲ, ਦਰਸ਼ਨ ਸਿੰਘ ਸਤਾਬਗੜ੍ਹ, ਲੈਕਚਰਾਰ ਕਸ਼ਮੀਰ ਸਿੰਘ, ਜਸਬੀਰ ਸਿੰਘ, ਮਾਸਟਰ ਗੁਰਚਰਨ ਦਾਸ, ਪ੍ਰਿੰਸੀਪਲ ਸੁਰਜੀਤ ਸਿੰਘ, ਸੁਰਜੀਤ ਸਿੰਘ ਟਿੱਬਾ, ਸਤਨਾਮ ਪਾਲ, ਡਾ. ਜਗਸੀਰ ਸਿੰਘ, ਤੀਰਥ ਸਿੰਘ, ਜੋਬਨ ਸਿੰਘ ਸਮੇਤ ਅਨੇਕਾਂ ਸਾਹਿਤ ਪ੍ਰੇਮੀ ਹਾਜ਼ਰ ਸਨ।