- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਕੁਮਾਰ ਚੱਬੇਵਾਲ ਮਾਨਯੋਗ ਮੈਂਬਰ ਪਾਰਲੀਮੈਂਟ ਨੇ ਫੂਡ ਸੇਫਟੀ ਆਨ ਵ੍ਹੀਲਜ਼ ਵੈਨ ਨੂੰ ਦਿਤੀ ਹਰੀ ਝੰਡੀ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਰਾਜ ਕੁਮਾਰ ਚੱਬੇਵਾਲ ਮਾਨਯੋਗ ਮੈਂਬਰ ਪਾਰਲੀਮੈਂਟ, ਹੁਸ਼ਿਆਰਪੁਰ ਵੱਲੋਂ ਅੱਜ ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ, ਰਣਦੀਪ ਸਿੰਘ ਹੀਰ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ (ਫੂਡ) ਕਪੂਰਥਲਾ ਦੀ ਮੌਜੂਦਗੀ ਵਿੱਚ ਅੱਜ ਜ਼ਿਲ੍ਹਾ ਕਪੂਰਥਲਾ ਵਿੱਚ ਫੂਡ ਸੇਫਟੀ ਆਨ ਵ੍ਹੀਲਜ਼ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮੋਬਾਈਲ ਫੂਡ ਟੈਸਟਿੰਗ ਵੈਨ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਸਬੰਧੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਖੁਰਾਕ ਪਦਾਰਥਾਂ ਦੀ ਮੁੱਢਲੀ ਜਾਂਚ ਦੀ ਸਹੂਲਤ ਉਨ੍ਹਾਂ ਦੇ ਨੇੜੇ ਹੀ ਮੁਹੱਈਆ ਕਰਵਾਉਣਾ ਹੈ। ਕੋਈ ਵੀ ਆਮ ਨਾਗਰਿਕ ਸਿਰਫ਼ 50 ਰੁਪਏ ਪ੍ਰਤੀ ਜਾਂਚ ਦੇ ਕੇ ਆਪਣੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਮੌਕੇ 'ਤੇ ਹੀ ਜਾਂਚ ਕਰਵਾ ਸਕਦਾ ਹੈ ਤੇ ਤੁਰੰਤ ਨਤੀਜੇ ਪ੍ਰਾਪਤ ਕਰ ਸਕਦਾ ਹੈ।
ਇਸ ਵੈਨ ਵਿੱਚ ਵੱਖ-ਵੱਖ ਆਧੁਨਿਕ ਜਾਂਚ ਯੰਤਰ ਤੇ ਸਾਜ਼ੋ-ਸਾਮਾਨ ਉਪਲਬਧ ਹਨ। ਇਨ੍ਹਾਂ ਵਿੱਚ ਮਿਲਕੋਸਕ੍ਰੀਨ (ਲਿੰਕੋਸਚਰਇਨ) ਰਾਹੀਂ ਦੁੱਧ ਤੇ ਦਹੀਂ ਵਿੱਚ ਫੈਟ, ਐੱਸਐੱਨਐੱਫ, ਪ੍ਰੋਟੀਨ ਦੀ ਮਾਤਰਾ ਤੇ ਸੰਭਾਵਿਤ ਮਿਲਾਵਟ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਰਿਫ੍ਰੈਕਟੋਮੀਟਰ ਦੀ ਮਦਦ ਨਾਲ ਜੂਸ ਵਰਗੇ ਤਰਲ ਪਦਾਰਥਾਂ ਵਿੱਚ ਸ਼ੂਗਰ ਦੀ ਮਾਤਰਾ ਤੇ ਘੁਲਣਸ਼ੀਲ ਠੋਸ ਪਦਾਰਥਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵੈਨ ਵਿੱਚ ਪਾਣੀ ਦੀ ਗੁਣਵੱਤਾ ਤੇ ਟੀਡੀਐੱਸ ਦੀ ਜਾਂਚ ਕਰਨ ਦੀ ਸਹੂਲਤ ਵੀ ਮੌਜੂਦ ਹੈ। ਮਸਾਲਿਆਂ ਵਿੱਚ ਮਿਲਾਏ ਗਏ ਗੈਰ-ਕੁਦਰਤੀ ਰੰਗਾਂ ਤੇ ਮਠਿਆਈਆਂ ਵਿੱਚ ਸਟਾਰਚ ਦੀ ਮੌਜੂਦਗੀ ਦੀ ਮੁੱਢਲੀ ਜਾਂਚ ਵੀ ਕੀਤੀ ਜਾ ਸਕਦੀ ਹੈ। ਇਹ ਵੈਨ ਇੱਕ ਨਿਰਧਾਰਤ ਰੋਸਟਰ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਲਿਜਾਈ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਲੈ ਸਕਣ। ਆਮ ਨਾਗਰਿਕ ਆਪਣੇ ਰੋਜ਼ਾਨਾ ਵਰਤੋਂ ਵਾਲੇ ਖੁਰਾਕ ਪਦਾਰਥਾਂ ਦੇ ਨਮੂਨੇ ਲਿਆ ਕੇ ਸਿਰਫ਼ 50 ਰੁਪਏ ਦੇ ਕੇ ਮੌਕੇ 'ਤੇ ਹੀ ਉਨ੍ਹਾਂ ਦੀ ਮੁੱਢਲੀ ਜਾਂਚ ਕਰਵਾ ਸਕਦੇ ਹਨ। ਇਸ ਪਹਿਲਕਦਮੀ ਨਾਲ ਜਿੱਥੇ ਲੋਕਾਂ ਨੂੰ ਖੁਰਾਕ ਪਦਾਰਥਾਂ ਦੀ ਗੁਣਵੱਤਾ ਬਾਰੇ ਜਾਣਕਾਰੀ ਮਿਲੇਗੀ, ਉੱਥੇ ਹੀ ਖੁਰਾਕ ਪਦਾਰਥਾਂ ਵਿੱਚ ਮਿਲਾਵਟ ਪ੍ਰਤੀ ਜਾਗਰੂਕਤਾ ਵਧਾਉਣ ਤੇ ਸੁਰੱਖਿਅਤ ਭੋਜਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਮਿਲੇਗੀ।