ਪਵਿੱਤਰ ਵੇਈਂ ਦੀ ਕਾਰ ਸੇਵਾ ਨੇ ਪੰਜਾਬ ’ਚ ਪੈਦਾ ਕੀਤੀ ਵਾਤਾਵਰਨ ਚੇਤਨਾ : ਸੰਤ ਸੀਚੇਵਾਲ ਪਵਿੱਤਰ ਵੇਈਂ ਦੀ ਕਾਰ ਸੇਵਾ ਨੇ ਪੰਜਾਬ ਵਿੱਚ ਵਾਤਾਵਰਨ ਚੇਤਨਾ ਪੈਦਾ ਕੀਤੀ: ਸੰਤ ਸੀਚੇਵਾਲ
Publish Date: Wed, 15 Jul 2026 09:01 PM (IST)
Updated Date: Wed, 15 Jul 2026 09:04 PM (IST)
ਕੀਰਤਨ ਤੇ ਕਵੀ ਦਰਬਾਰ ’ਚ ਕੁਦਰਤ ਦੇ ਸਤਿਕਾਰ ਤੇ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦਾ ਹੋਇਆ ਗੁਣਗਾਨ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈਂ ਦੀ 26ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਰਤਨ ਤੇ ਕਵੀ ਦਰਬਾਰ ’ਚ ਕਾਦਰ ਦੀ ਕੁਦਰਤ ਦਾ ਗੁਣਗਾਣ ਕੀਤਾ ਗਿਆ। ਸਮਾਗਮ ਦੌਰਾਨ ਕੀਰਤਨੀ ਜੱਥਿਆਂ ਨੇ ਇਲਾਹੀ ਬਾਣੀ ਦਾ ਮਨਮੋਹਕ ਕੀਰਤਨ ਕਰ ਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ, ਜਦਕਿ ਕਵੀ ਦਰਬਾਰ ਵਿੱਚ ਕਵੀਆਂ ਨੇ ਕੁਦਰਤ, ਵਾਤਾਵਰਨ ਅਤੇ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਦਾ ਗੁਣਗਾਨ ਕੀਤਾ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ, ਜਿਸ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿੱਚ ਵੱਖ-ਵੱਖ ਕਵੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ, ਪਵਿੱਤਰ ਵੇਈਂ ਦੀ ਮਹੱਤਤਾ, ਵਾਤਾਵਰਨ ਸੰਭਾਲ ਅਤੇ ਸਮਾਜਿਕ ਏਕਤਾ ਨਾਲ ਸੰਬੰਧਿਤ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀਨ ਤੋਂ ਭਰਪੂਰ ਵਾਹ-ਵਾਹ ਖੱਟੀ। ਕਵੀ ਦਰਬਾਰ ਵਿੱਚ ਸ਼ਾਮਲ ਕਵੀਆਂ ਨੂੰ ਸਨਮਾਨਿਤ ਕਰਨ ਉਪਰੰਤ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 26 ਸਾਲ ਪਹਿਲਾਂ ਜਦੋਂ ਪਵਿੱਤਰ ਵੇਈਂ ਦੀ ਸਫ਼ਾਈ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਸਨ ਕਿ ਇੰਨਾ ਵੱਡਾ ਕਾਰਜ ਕਿਵੇਂ ਸੰਪੰਨ ਹੋਵੇਗਾ ਪਰ ਕਾਰ ਸੇਵਾ ਨਾਲ ਜੁੜੇ ਸੇਵਾਦਾਰਾਂ ਦਾ ਇਹ ਵਿਸ਼ਵਾਸ ਅਟੱਲ ਸੀ ਕਿ ਭਾਵੇਂ ਸਮਾਂ ਲੱਗੇ, ਇਹ ਕਾਰਜ ਜ਼ਰੂਰ ਸਿਰੇ ਚੜ੍ਹੇਗਾ। ਉਨ੍ਹਾਂ ਦੱਸਿਆ ਕਿ ਕਾਰ ਸੇਵਾ ਸ਼ੁਰੂ ਹੋਣ ਤੋਂ ਚਾਰ ਸਾਲ ਬਾਅਦ ਹੀ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਪਵਿੱਤਰ ਵੇਈਂ ਦੇ ਕਾਰਜ ਦੀ ਖ਼ਾਸ ਚਰਚਾ ਕੀਤੀ ਸੀ। ਡਾ. ਕਲਾਮ ਨੇ ਸਾਲ 2006 ਅਤੇ 2008 ਵਿੱਚ ਸੁਲਤਾਨਪੁਰ ਲੋਧੀ ਆ ਕੇ ਪਵਿੱਤਰ ਵੇਈਂ ਨੂੰ ਆਪਣੇ ਵਿਚਾਰਾਂ ਦਾ ਕੇਂਦਰ ਬਣਾਇਆ। ਇਸ ਤੋਂ ਬਾਅਦ ਪਵਿੱਤਰ ਵੇਈਂ ਦੀ ਚਰਚਾ ਕੌਮਾਂਤਰੀ ਮੰਚਾਂ ਤੱਕ ਪਹੁੰਚੀ ਅਤੇ ਇਹ ਵਾਤਾਵਰਨ ਸੰਭਾਲ ਦਾ ਇੱਕ ਪ੍ਰਤੀਕ ਬਣ ਗਈ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਨੇ ਗੰਦੇ ਪਾਣੀਆਂ ਅਤੇ ਪ੍ਰਦੂਸ਼ਣ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਦੀ ਕਾਰ ਸੇਵਾ ਦੌਰਾਨ ਪ੍ਰਾਪਤ ਤਜਰਬਿਆਂ ਨੂੰ ਹੁਣ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੀ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਇਸ ਨੇ ਪੰਜਾਬ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ। ਕਵੀ ਦਰਬਾਰ ਵਿੱਚ ਪ੍ਰੋ. ਕੁਲਵੰਤ ਸਿੰਘ ਔਜਲਾ, ਗੁਰਬਖ਼ਸ਼ ਸਿੰਘ ਭੰਡਾਲ, ਸਿੱਖ ਚਿੰਤਕ ਭਗਵੰਤ ਸਿੰਘ ਜੌਹਲ, ਸੰਤ ਸਿੰਘ ਸੰਧੂ, ਰਾਮ ਸਿੰਘ ਇਨਸਾਫ਼, ਆਸ਼ੀ ਈਸਪੁਰੀ, ਲਾਡੀ ਭੁੱਲਰ, ਜਪ ਕੌਰ, ਗੁਰਜੋਤ ਸਿੰਘ, ਹਜ਼ਾਰਾ ਸਿੰਘ ਗਿੱਲ, ਡਾ. ਰਾਮ ਮੂਰਤੀ ਅਤੇ ਮੁਖਤਿਆਰ ਸਿੰਘ ਚੰਦੀ ਨੇ ਆਪਣੀਆਂ ਰਚਨਾਵਾਂ ਰਾਹੀਂ ਕੁਦਰਤ, ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਸਮਾਗਮ ਦੇ ਅੰਤ ਵਿੱਚ ਗੁਰੂ ਨਾਨਕ ਪ੍ਰੈੱਸ ਕਲੱਬ, ਸੁਲਤਾਨਪੁਰ ਲੋਧੀ ਦੇ ਪੱਤਰਕਾਰ ਸਾਥੀਆਂ, ਰਾਗੀ ਜੱਥਿਆਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਸੰਤ ਸੁਖਜੀਤ ਸਿੰਘ ਨੇ ਕੀਤਾ।