- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੂ ਜਥੇਬੰਦੀਆਂ ਨੇ ਉਂਕਾਰ ਨਗਰ ਵਿਖੇ ਆਯੋਜਿਤ ਦੁੁਸ਼ਿਹਰਾ ਮੇਲੇ ਦੌਰਾਨ ਹਨੂਮਾਨ ਜੀ ਦੀ ਬੇਅਦਬੀ ਦਾ ਲਗਾਇਆ ਦੋਸ਼

ਡੀਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਦੇ ਓਂਕਾਰ ਨਗਰ ਸਥਿਤ ਦੁਸਹਿਰਾ ਗਰਾਊਂਡ ਵਿੱਚ 20 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਂਦਿਆਂ ਸ਼ਹਿਰ ਦੀਆਂ ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਡੀਐੱਸਪੀ ਪਲਵਿੰਦਰ ਸਿੰਘ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਸਬੰਧਤ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੰਗ ਪੱਤਰ ਦੇਣ ਉਪਰੰਤ ਸ਼ਿਵ ਸੈਨਾ ਯੂਬੀਟੀ ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ, ਸਰਬ ਸ਼ਕਤੀ ਸੈਨਾ ਦੇ ਜਨਰਲ ਸਕੱਤਰ ਰਾਜਕੁਮਾਰ, ਸ਼ਿਵ ਸੈਨਾ ਅਖੰਡ ਭਾਰਤ ਦੇ ਪੰਜਾਬ ਇੰਚਾਰਜ ਸਤਪਾਲ ਰੱਲ, ਪਰਸ਼ੂਰਾਮ ਸੈਨਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਹਰਿਓਮ ਸ਼ਰਮਾ ਲਵਲੀ ਨੇ ਦੱਸਿਆ ਕਿ ਉਕਤ ਸਮਾਗਮ ਦੌਰਾਨ ਰਵਿੰਦਰ ਗੁਪਤਾ, ਵਾਸੀ ਇੰਡਸਟਰੀਅਲ ਏਰੀਆ, ਨੇੜੇ ਹੇਅਰ ਪੈਲੇਸ ਫਗਵਾੜਾ ਵੱਲੋਂ ਸਟੇਜ ’ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਉਣ ਸਮੇਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਲਗਾਏ ਨਾਅਰੇ ਨੂੰ ਭਗਵਾਨ ਸ਼੍ਰੀ ਹਨੁਮਾਨ ਜੀ ਤੋਂ ਵੀ ਜ਼ਿਆਦਾ ਬੁਲੰਦ ਦੱਸਦਿਆਂ ਹਨੁਮਾਨ ਜੀ ਦੀ ਬੇਅਦਬੀ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਇਸ ਦੌਰਾਨ ਵਰਤੀ ਗਈ ਸ਼ਬਦਾਵਲੀ ਨਾਲ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹਿੰਦੂ ਜਥੇਬੰਦੀਆਂ ਨੇ ਡੀਐੱਸਪੀ ਪਲਵਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਸਬੂਤ ਵਜੋਂ ਸਮਾਗਮ ਦਾ ਵੀਡੀਓ ਕਲਿਪ ਵੀ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਰਵੀ ਕੁਮਾਰ, ਰਾਜਿੰਦਰ ਕੁਮਾਰ, ਸੁਰਿੰਦਰ ਕੁਮਾਰ ਮੱਟੂ ਆਦਿ ਵੀ ਹਾਜ਼ਰ ਸਨ।
ਮੈਂ ਸਮੂਹ ਸਨਾਤਨੀ ਸਮਾਜ ਤੋਂ ਮੁਆਫੀ ਮੰਗਦਾ : ਗੁਪਤਾ
ਸਮੂਹ ਸਨਾਤਨੀ ਭਰਾਵਾਂ ਤੋਂ ਬੋਲੇ ਗਏ ਸ਼ਬਦਾਂ ਲਈ ਮੁਆਫੀ ਮੰਗਦੇ ਹੋਏ ਰਵਿੰਦਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੋਲੇ ਗਏ ਸ਼ਬਦਾਂ ਲਈ ਉਹ ਸਮੂਹ ਸਨਾਤਨ ਸਮਾਜ ਤੋਂ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਕ ਸਾਲ ’ਚ ਸਾਡੇ ਵੱਲੋਂ ਕਈ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਦੁਸਹਿਰਾ ਸਮਾਗਮ, ਮਾਤਾ ਰਾਣੀ ਦਾ ਜਾਗਰਣ, ਛਠ ਪੂਜਾ ਦਾ ਸਮਾਗਮ ਆਦਿ ਜਿਥੇ ਸਾਰੀਆਂ ਹੀ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਪੁੱਜ ਕੇ ਨਤਮਸਤਕ ਹੁੰਦੇ ਹਨ। ਦੁਸਹਿਰਾ ਸਮਾਗਮ ’ਚ ਵੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਆਉਣ ’ਤੇ ਜੋ ਗਲਤੀ ਨਾਲ ਸ੍ਰੀ ਹਨੁਮਾਨ ਜੀ ਵਿਰੁੱਧ ਅਪਸ਼ਬਦ ਬੋਲੇ ਗਏ, ਉਨ੍ਹਾਂ ਲਈ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਹਿੰਦੂ ਸਮਾਜ ਦੀ ਹਰੇਕ ਸ਼ੋਭਾ ਯਾਤਰਾ ’ਚ ਜੋ ਝਾਕੀਆਂ ਸਜਾਕੇ ਦੇਵੀ-ਦੇਵਤਿਆਂ ਦਾ ਰੂਪ ਧਾਰਕੇ ਸੜਕਾਂ ’ਤੇ ਘੁਮਾਇਆ ਜਾਂਦਾ ਹੈ, ਉਸ ਨਾਲ ਵੀ ਦੇਵੀ-ਦੇਵਤਿਆਂ ਦਾ ਅਪਮਾਨ ਹੁੰਦਾ ਹੈ। ਅੱਜ ਉਨ੍ਹਾਂ ਵੱਲੋਂ ਜੋ ਬੋਲਿਆ ਗਿਆ ਉਹ ਗਲਤ ਸੀ ਪਰ ਜੇਕਰ ਹੁਣ ਕੋਈ ਦੇਵੀ-ਦੇਵਤਿਆਂ ਦਾ ਰੂਪ ਧਾਰਕੇ ਸੜਕਾਂ ’ਤੇ ਅਪਮਾਨ ਕਰੇਗਾ ਤਾਂ ਯੂਥ ਹਿੰਦੂ ਵੈੱਲਫੇਅਰ ਵੀ ਐੱਸਪੀ, ਡੀਐੱਸਪੀ ਨੂੰ ਸ਼ਿਕਾਇਤ ਦਰਜ ਕਰਵਾਕੇ ਸ਼ੋਭਾ ਯਾਤਰਾ ਸਜਾਉਣ ਵਾਲਿਆਂ ’ਤੇ ਕਾਰਵਾਈ ਦੀ ਮੰਗ ਕਰੇਗੀ।