ਮਿੱਟੀ ਲੈ ਕੇ ਦੌੜਦੇ ਭਾਰੀ ਟਰੱਕ ਬਣੇ ਖ਼ਤਰਾ ਹਾਈਬ੍ਰਿਜ ਨਿਰਮਾਣ ਲਈ ਮਿੱਟੀ ਲੈ ਕੇ ਦੌੜਦੇ ਭਾਰੀ ਟਰੱਕ ਬਣੇ ਰਾਹਗੀਰਾਂ ਲਈ ਖ਼ਤਰਾ
Publish Date: Mon, 21 Sep 2026 06:51 PM (IST)
Updated Date: Mon, 21 Sep 2026 06:53 PM (IST)
--ਟਰੱਕਾਂ ’ਤੇ ਮਿੱਟੀ ਨੂੰ ਢਕਣ ਲਈ ਨਹੀਂ ਕੀਤੇ ਜਾ ਰਹੇ ਪੁਖਤਾ ਪ੍ਰਬੰਧ --ਹਵਾ ਨਾਲ ਉੱਡਦੀ ਮਿੱਟੀ ਕਾਰਨ ਵਾਹਨ ਚਾਲਕ ਹੋ ਰਹੇ ਪ੍ਰੇਸ਼ਾਨ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਹਾਈਬ੍ਰਿਜ ਦੇ ਨਿਰਮਾਣ ਕਾਰਜ ਲਈ ਮਿੱਟੀ ਲਿਆਉਣ ਵਾਸਤੇ ਵਰਤੇ ਜਾ ਰਹੇ ਭਾਰੀ ਟਰੱਕ ਰਾਹਗੀਰਾਂ ਲਈ ਪ੍ਰੇਸ਼ਾਨੀ ਤੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਸੜਕਾਂ ’ਤੇ ਦੌੜ ਰਹੇ ਇਨ੍ਹਾਂ ਭਾਰੀ ਟਰੱਕਾਂ ਵਿੱਚ ਮਿੱਟੀ ਭਰੀ ਹੋਣ ਦੇ ਬਾਵਜੂਦ ਉਸ ਨੂੰ ਪਲਾਸਟਿਕ ਦੀ ਤਰਪਾਲ ਜਾਂ ਕਿਸੇ ਤਰ੍ਹਾਂ ਨਾਲ ਢਕਿਆ ਨਹੀਂ ਜਾ ਰਿਹਾ। ਇਸ ਕਾਰਨ ਟਰੱਕਾਂ ਦੇ ਚੱਲਣ ਸਮੇਂ ਮਿੱਟੀ ਦੇ ਕਣ ਹਵਾ ਵਿੱਚ ਉੱਡ ਕੇ ਸੜਕ ’ਤੇ ਚੱਲ ਰਹੇ ਦੋਪਹੀਆ ਵਾਹਨ ਚਾਲਕਾਂ ਤੇ ਹੋਰ ਰਾਹਗੀਰਾਂ ਦੀਆਂ ਅੱਖਾਂ ਵਿੱਚ ਪੈਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਤੇਜ਼ ਰਫ਼ਤਾਰ ਨਾਲ ਲੰਘਦੇ ਭਾਰੀ ਵਾਹਨਾਂ ਦੇ ਪਿੱਛੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਇਸ ਸਮੱਸਿਆ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਸੜਕ ਨਿਰਮਾਣ ਜਾਂ ਹਾਈਬ੍ਰਿਜ ਦੇ ਵਿਕਾਸ ਕਾਰਜ ਜ਼ਰੂਰੀ ਹਨ, ਪਰ ਨਿਰਮਾਣ ਸਮੱਗਰੀ ਦੀ ਢੁਆਈ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਮਿੱਟੀ ਨਾਲ ਭਰੇ ਟਰੱਕਾਂ ਨੂੰ ਤਰਪਾਲ ਨਾਲ ਢਕ ਕੇ ਹੀ ਸੜਕ ’ਤੇ ਚਲਾਇਆ ਜਾਵੇ ਤਾਂ ਜੋ ਮਿੱਟੀ ਸੜਕ ’ਤੇ ਨਾ ਡਿੱਗੇ ਤੇ ਹਵਾ ਵਿੱਚ ਨਾ ਉੱਡੇ। ਇਸ ਮੌਕੇ ਸਰਬਜੀਤ ਸਿੰਘ ਮੱਲ੍ਹੀ ਮਨਿਆਲਾ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਰਦੇਵ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ, ਜਗਜੀਤਪਾਲ ਸਿੰਘ, ਹਰਵਿੰਦਰ ਸਿੰਘ, ਮਨਰਾਜ ਸਿੰਘ, ਜਲਪਾਲ ਸਿੰਘ, ਜਸਵਿੰਦਰ ਸਿੰਘ ਆਦਿ ਨੇ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਵੱਲੋਂ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਤੇ ਮਿੱਟੀ ਲੈ ਕੇ ਜਾਣ ਵਾਲੇ ਭਾਰੀ ਵਾਹਨਾਂ ਦੀ ਜਾਂਚ ਕੀਤੀ ਜਾਵੇ ਤੇ ਬਿਨਾਂ ਢੱਕੇ ਮਿੱਟੀ ਲੈ ਕੇ ਸੜਕ ’ਤੇ ਆਉਣ ਵਾਲੇ ਵਾਹਨਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।