ਵਿਸ਼ਵ ਸਟ੍ਰੋਕ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਗਾਇਆ ਵਿਸ਼ਵ ਸਟ੍ਰੋਕ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ
Publish Date: Fri, 30 Oct 2026 09:28 PM (IST)
Updated Date: Fri, 30 Oct 2026 09:31 PM (IST)
--ਸਮੇਂ ਸਿਰ ਹਸਪਤਾਲ ਪਹੁੰਚਣ ਨਾਲ ਸਟ੍ਰੋਕ ਕਾਰਨ ਹੋਣ ਵਾਲੀ ਅਪੰਗਤਾ ਤੋਂ ਬਚਾਅ ਸੰਭਵ : ਡਾ. ਪਰਾਸ਼ਰ --ਸਾਢੇ ਚਾਰ ਘੰਟਿਆਂ ਦੇ ਅੰਦਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣਾ ਬੇਹੱਦ ਜ਼ਰੂਰੀ : ਡਾ. ਰਵਜੀਤ ਸਿੰਘ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਤੇ ਬਦਲਦੀ ਜੀਵਨਸ਼ੈਲੀ ਕਾਰਨ ਸਟ੍ਰੋਕ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਸਟ੍ਰੋਕ ਇੱਕ ਗੰਭੀਰ ਸਿਹਤ ਸਮੱਸਿਆ ਹੈ, ਜਿਸ ਵਿੱਚ ਦਿਮਾਗ ਨੂੰ ਖ਼ੂਨ ਦੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ। ਜੇਕਰ ਇਸ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਕੇ ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਵੇ ਤਾਂ ਜਾਨ ਬਚਾਉਣ ਦੇ ਨਾਲ-ਨਾਲ ਸਰੀਰਕ ਅਪੰਗਤਾ ਤੋਂ ਵੀ ਬਚਾਅ ਸੰਭਵ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਨੇ ਵਿਸ਼ਵ ਸਟ੍ਰੋਕ ਦਿਵਸ ਮੌਕੇ ਕਰਵਾਏ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ। ਡਾ. ਪਰਾਸ਼ਰ ਨੇ ਕਿਹਾ ਕਿ ਸਟ੍ਰੋਕ ਦੇ ਮਾਮਲੇ ਵਿੱਚ ਹਰ ਮਿੰਟ ਬੇਹੱਦ ਕੀਮਤੀ ਹੁੰਦਾ ਹੈ। ਇਲਾਜ ਵਿੱਚ ਦੇਰੀ ਹੋਣ ਨਾਲ ਮਰੀਜ਼ ਨੂੰ ਸਰੀਰਕ ਅਪੰਗਤਾ, ਬੋਲਣ ਤੇ ਸਮਝਣ ਵਿੱਚ ਮੁਸ਼ਕਲ ਜਾਂ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਟ੍ਰੋਕ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਤੇ ਅਜਿਹੀ ਸਥਿਤੀ ਵਿੱਚ ਤੁਰੰਤ ਹਸਪਤਾਲ ਪਹੁੰਚਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐੱਨਸੀਡੀ ਪ੍ਰੋਗਰਾਮ ਤਹਿਤ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਤੇ ਸਟ੍ਰੋਕ ਸਮੇਤ ਗੈਰ-ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ ਜ਼ਿਲ੍ਹਾ ਸਿਵਲ ਹਸਪਤਾਲ ਦੇ ਕਮਰਾ ਨੰਬਰ 52 ਵਿੱਚ ਕੀਤੀ ਜਾਂਦੀ ਹੈ ਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਯੋਗ ਮਰੀਜ਼ਾਂ ਨੂੰ ਮੁਫ਼ਤ ਜਾਂਚ ਤੇ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਜੀਤ ਸਿੰਘ (ਐੱਮਡੀ ਮੈਡੀਸਨ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟ੍ਰੋਕ ਦੇ ਮਰੀਜ਼ ਲਈ ਸ਼ੁਰੂਆਤੀ ਸਾਢੇ ਚਾਰ ਘੰਟੇ ਇਲਾਜ ਦੇ ਪੱਖੋਂ ਬੇਹੱਦ ਮਹੱਤਵਪੂਰਨ ਹੁੰਦੇ ਹਨ। ਇਸ ਸਮੇਂ ਦੌਰਾਨ ਹਸਪਤਾਲ ਪਹੁੰਚਣ ਨਾਲ ਯੋਗ ਮਰੀਜ਼ਾਂ ਨੂੰ ਵਿਸ਼ੇਸ਼ ਇਲਾਜ ਦੇ ਕੇ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਟ੍ਰੋਕ ਦੇ ਲੱਛਣ ਸਾਹਮਣੇ ਆਉਣ ਤੇ ਘਰੇਲੂ ਨੁਸਖਿਆਂ ਜਾਂ ਝੋਲਾ-ਛਾਪ ਡਾਕਟਰਾਂ ਦੇ ਚੱਕਰ ਵਿੱਚ ਪੈਣ ਦੀ ਬਜਾਏ ਤੁਰੰਤ ਮਾਹਿਰ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਡਾ. ਰਵਜੀਤ ਸਿੰਘ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਸਟ੍ਰੋਕ ਦਾ ਇੱਕ ਪ੍ਰਮੁੱਖ ਕਾਰਨ ਹੈ। ਇਸ ਲਈ ਬਲੱਡ ਪ੍ਰੈਸ਼ਰ ਨੂੰ ਨਿਯਮਤ ਤੌਰ ਤੇ ਚੈੱਕ ਕਰਵਾਉਣਾ ਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣੀ ਬਹੁਤ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਦੀ ਦਵਾਈ ਆਪਣੀ ਮਰਜ਼ੀ ਨਾਲ ਬੰਦ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਸ਼ੂਗਰ ਤੇ ਕੋਲੈਸਟ੍ਰੋਲ ਨੂੰ ਕੰਟਰੋਲ ਵਿੱਚ ਰੱਖਣਾ, ਤੰਬਾਕੂਨੋਸ਼ੀ ਤੇ ਸ਼ਰਾਬ ਤੋਂ ਪਰਹੇਜ਼ ਕਰਨਾ, ਸੰਤੁਲਿਤ ਖੁਰਾਕ ਲੈਣਾ ਤੇ ਰੋਜ਼ਾਨਾ ਕਸਰਤ ਕਰਨਾ ਸਟ੍ਰੋਕ ਦੇ ਖ਼ਤਰੇ ਨੂੰ ਘਟਾਉਣ ਵਿੱਚ ਸਹਾਇਕ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਟੈਮੀ ਪ੍ਰੋਗਰਾਮ ਤਹਿਤ ਹੁਣ ਤੱਕ ਸੈਂਕੜੇ ਮਰੀਜ਼ ਲਾਭ ਉਠਾ ਚੁੱਕੇ ਹਨ। ਸੈਮੀਨਾਰ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ, ਡੀਪੀਐੱਮ ਵਿਨੇ ਮੱਲ੍ਹਣ, ਐੱਮ ਐਂਡ ਈਓ ਰਾਮ ਸਿੰਘ, ਸਟਾਫ਼ ਨਰਸ ਐੱਨਸੀਡੀ ਗੁਰਪ੍ਰੀਤ ਕੌਰ, ਸੁਪਰਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਬੀਸੀਸੀ ਜੋਤੀ ਅਨੰਦ, ਸੰਤੋਸ਼ ਕੁਮਾਰੀ ਤੇ ਗੁਰਵਿੰਦਰ ਸਿੰਘ ਚੰਦੀ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਸਟ੍ਰੋਕ ਦੇ ਮੁੱਖ ਲੱਛਣ : - ਸਰੀਰ ਦੇ ਇੱਕ ਪਾਸੇ ਬਾਂਹ ਜਾਂ ਲੱਤ ਵਿੱਚ ਅਚਾਨਕ ਕਮਜ਼ੋਰੀ ਜਾਂ ਸੁੰਨਪਣ ਹੋਣਾ। - ਚਿਹਰੇ ਦਾ ਇੱਕ ਪਾਸਾ ਟੇਢਾ ਹੋ ਜਾਣਾ। - ਬੋਲਣ ਜਾਂ ਦੂਜਿਆਂ ਦੀ ਗੱਲ ਸਮਝਣ ਵਿੱਚ ਮੁਸ਼ਕਲ ਆਉਣਾ। - ਅਚਾਨਕ ਨਜ਼ਰ ਧੁੰਦਲੀ ਹੋਣਾ ਜਾਂ ਦੇਖਣ ਵਿੱਚ ਪਰੇਸ਼ਾਨੀ ਹੋਣਾ। - ਅਚਾਨਕ ਚੱਕਰ ਆਉਣਾ, ਸੰਤੁਲਨ ਵਿਗੜਨਾ ਜਾਂ ਤੁਰਨ ਵਿੱਚ ਮੁਸ਼ਕਲ ਹੋਣਾ। - ਅਚਾਨਕ ਬਹੁਤ ਤੇਜ਼ ਸਿਰਦਰਦ ਹੋਣਾ। ਸਟ੍ਰੋਕ ਦੇ ਮੁੱਖ ਜੋਖ਼ਮ ਕਾਰਕ : - ਹਾਈ ਬਲੱਡ ਪ੍ਰੈਸ਼ਰ। - ਸ਼ੂਗਰ (ਡਾਇਬਿਟੀਜ਼)। - ਖ਼ੂਨ ਵਿੱਚ ਕੋਲੈਸਟ੍ਰੋਲ ਦੀ ਵਧੇਰੇ ਮਾਤਰਾ। - ਤੰਬਾਕੂਨੋਸ਼ੀ ਅਤੇ ਸ਼ਰਾਬ ਦੀ ਵਧੇਰੇ ਵਰਤੋਂ। - ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਮੋਟਾਪਾ। - ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ।