ਦੀ ਹਾਕਵਰਲਡ ਦੇ ਖਿਡਾਰੀਆਂ ਦਾ ਬਲਾਕ ਪੱਧਰ 'ਤੇ ਜਲਵਾ ਦੀ ਹਾਕਵਰਲਡ ਸਕੂਲ ਦੇ ਖਿਡਾਰੀਆਂ ਦਾ ਬਲਾਕ ਪੱਧਰ 'ਤੇ ਜਲਵਾ
Publish Date: Mon, 17 Aug 2026 09:49 PM (IST)
Updated Date: Mon, 17 Aug 2026 09:51 PM (IST)
ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਬਣਾਈ ਥਾਂ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੀ ਹਾਕਵਰਲਡ ਸਕੂਲ, ਤਲਵੰਡੀ ਚੌਧਰੀਆਂ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮਿਆਂ ਦੀ ਝੜੀ ਲਗਾ ਦਿੱਤੀ। ਸ਼ਤਰੰਜ, ਬੈਡਮਿੰਟਨ, ਖੋ-ਖੋ, ਰੈਸਲਿੰਗ, ਐਥਲੈਟਿਕਸ, ਲੌਂਗ ਜੰਪ, ਸ਼ਾਟ ਪੁੱਟ ਤੇ ਰੱਸਾਕਸ਼ੀ ਵਰਗੀਆਂ ਖੇਡਾਂ ਵਿੱਚ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਆਪਣੇ ਮਾਪਿਆਂ ਤੇ ਸਮੂਹ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਆਧਾਰ ਤੇ ਕਈ ਖਿਡਾਰੀਆਂ ਤੇ ਟੀਮਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਵੀ ਆਪਣੀ ਜਗ੍ਹਾ ਪੱਕੀ ਕੀਤੀ। ਸ਼ਤਰੰਜ ਵਿੱਚ ਅੰਡਰ-14 ਵਰਗ ਦੇ ਏਕਨੂਰ ਸਿੰਘ ਤੇ ਜਗਨੂਰ ਸਿੰਘ ਨੇ ਸੋਨੇ ਦੇ ਤਗਮੇ ਹਾਸਲ ਕੀਤੇ, ਜਦਕਿ ਅੰਡਰ-17 ਵਰਗ ਵਿੱਚ ਰੋਹਿਤ ਰਾਏ ਨੇ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਬੈਡਮਿੰਟਨ ਵਿੱਚ ਅੰਡਰ-14 ਲੜਕਿਆਂ ਦੀ ਟੀਮ ਦੇ ਕਰਨਦੀਪ ਸਿੰਘ, ਗੁਰਸਾਜ਼ ਸਿੰਘ ਤੇ ਗੁਰਲਾਲ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਅੰਡਰ-14 ਲੜਕੀਆਂ ਦੇ ਵਰਗ ਵਿੱਚ ਅਰਪਨਪ੍ਰੀਤ ਕੌਰ ਤੇ ਤਨੀਸ਼ਾ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਐਥਲੈਟਿਕਸ ਵਿੱਚ ਏਕਮਜੀਤ ਸਿੰਘ ਨੇ 100 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ, ਜਦਕਿ ਸਹਿਜਪ੍ਰੀਤ ਕੌਰ ਨੇ ਅੰਡਰ-17 ਵਰਗ ਦੀ 3000 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਮੇਹਕਪ੍ਰੀਤ ਕੌਰ ਨੇ 100 ਅਤੇ 400 ਮੀਟਰ ਦੌੜ ਵਿੱਚ ਚਾਂਦੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਤਰੁਨਬੀਰ ਸਿੰਘ (200 ਮੀਟਰ), ਅਸ਼ਮੀਤ ਕੌਰ (1500 ਮੀਟਰ), ਸਚੇਤ ਕੌਰ (1500 ਮੀਟਰ), ਸ਼ੁਭਰੀਨ ਕੌਰ (3000 ਮੀਟਰ), ਇਸ਼ਨੀਤ ਕੌਰ (ਸ਼ਾਟ ਪੁੱਟ), ਏਕਮਜੀਤ ਸਿੰਘ ਅਤੇ ਅਸ਼ਵਿਨ ਕੌਰ (ਲੌਂਗ ਜੰਪ) ਨੇ ਵੀ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਅਸ਼ਵਿਨ ਕੌਰ ਨੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਵੀ ਹਾਸਲ ਕੀਤਾ।ਰੈਸਲਿੰਗ ਵਿੱਚ ਰਿਚਦੀਪ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਅੰਡਰ-17 ਲੜਕੀਆਂ ਦੀ ਖੋ-ਖੋ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਯਕੀਨੀ ਬਣਾਈ। ਰੱਸਾਕਸ਼ੀ ਵਿੱਚ ਅੰਡਰ-14 ਅਤੇ ਅੰਡਰ-17 ਗਰਲਜ਼ ਟੀਮਾਂ ਨੇ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦੀ ਖੇਡ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ। ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕੈਪਟਨ ਤੇਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਿਹਨਤ, ਅਨੁਸ਼ਾਸਨ ਤੇ ਸਹੀ ਮਾਰਗਦਰਸ਼ਨ ਮਿਲੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਉਪ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਸਿਰਫ਼ ਤਗਮੇ ਜਿੱਤਣ ਦਾ ਸਾਧਨ ਨਹੀਂ, ਸਗੋਂ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਨੂੰ ਮਜ਼ਬੂਤ ਕਰਨ ਦਾ ਵੱਡਾ ਮਾਧਿਅਮ ਹਨ। ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਖੇਡ ਅਧਿਆਪਕਾਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।