ਰੰਗ-ਬਿਰੰਗੀਆਂ ਰੱਖੜੀਆਂ ਨਾਲ ਖਿੜਿਆ ਦੀ ਹਾਕਵਰਲਡ ਸਕੂਲ ਰੰਗ-ਬਿਰੰਗੀਆਂ ਰੱਖੜੀਆਂ ਨਾਲ ਖਿੜਿਆ ਦੀ ਹਾਕਵਰਲਡ ਸਕੂਲ
Publish Date: Fri, 28 Aug 2026 08:37 PM (IST)
Updated Date: Fri, 28 Aug 2026 08:40 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭੈਣ-ਭਰਾ ਦੇ ਪਵਿੱਤਰ ਪਿਆਰ, ਸਨੇਹ ਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਰੱਖੜੀ ਬੰਧਨ ਦਾ ਤਿਉਹਾਰ ਦੀ ਹਾਕਵਰਲਡ ਸਕੂਲ, ਤਲਵੰਡੀ ਚੌਧਰੀਆਂ ਵਿਖੇ ਬੜੇ ਉਤਸ਼ਾਹ, ਖੁਸ਼ੀ ਤੇ ਤਿਉਹਾਰੀ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਤੇ ਰਵਾਇਤੀ ਤਿਉਹਾਰਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਅੰਦਰ ਛੁਪੀ ਰਚਨਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਸਕੂਲ ਦੀਆਂ ਵੱਖ-ਵੱਖ ਕਲਾਸਾਂ ਵਿੱਚ ਰੱਖੜੀ ਬਣਾਉਣ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਕਲਪਨਾ ਨੂੰ ਰੰਗਾਂ ਅਤੇ ਸੁੰਦਰ ਸਜਾਵਟੀ ਸਮੱਗਰੀ ਰਾਹੀਂ ਰੱਖੜੀਆਂ ਦਾ ਰੂਪ ਦਿੱਤਾ। ਬੱਚਿਆਂ ਨੇ ਰੰਗ-ਬਿਰੰਗੇ ਧਾਗਿਆਂ, ਮੋਤੀਆਂ, ਰੰਗੀਨ ਕਾਗਜ਼, ਸਜਾਵਟੀ ਸਮੱਗਰੀ ਤੇ ਹੋਰ ਕਲਾਤਮਕ ਵਸਤੂਆਂ ਦੀ ਵਰਤੋਂ ਕਰਕੇ ਬੇਹੱਦ ਖੂਬਸੂਰਤ ਤੇ ਆਕਰਸ਼ਕ ਰੱਖੜੀਆਂ ਤਿਆਰ ਕੀਤੀਆਂ। ਮੁਕਾਬਲੇ ਦੀ ਖਾਸ ਗੱਲ ਇਹ ਰਹੀ ਕਿ ਹਰ ਕਲਾਸ ਵਿੱਚੋਂ ਸਭ ਤੋਂ ਸੁੰਦਰ ਤੇ ਰਚਨਾਤਮਕ ਰੱਖੜੀ ਦੀ ਚੋਣ ਕਰਕੇ ਉਸ ਨੂੰ ‘ਬੈਸਟ ਰੱਖੜੀ’ ਐਲਾਨਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਕੈਪਟਨ ਤੇਜਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਰੱਖੜੀ ਬੰਧਨ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਆਪਣੀ ਵਿਰਾਸਤ, ਸੱਭਿਆਚਾਰ ਤੇ ਪਰੰਪਰਾਵਾਂ ਨਾਲ ਜੋੜਨ ਦਾ ਬਿਹਤਰ ਸਾਧਨ ਹਨ। ਸਕੂਲ ਦੀ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਸਮੂਹ ਵਿਦਿਆਰਥੀਆਂ ਨੂੰ ਰੱਖੜੀ ਬੰਧਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਰੱਖੜੀ ਸਿਰਫ਼ ਇੱਕ ਧਾਗਾ ਨਹੀਂ, ਬਲਕਿ ਪਿਆਰ, ਵਿਸ਼ਵਾਸ, ਸਤਿਕਾਰ ਤੇ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਦਾ ਪ੍ਰਤੀਕ ਹੈ। ਉਨ੍ਹਾਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕੀਤੀ।