ਸੱਪ ਫੜਨ ਦੇ ਸ਼ੌਕ ’ਚ ਸੈਮਸੰਗ ਦੀ ਨੌਕਰੀ ਵੀ ਛੱਡੀ ਪੰਜਵੀਂ ਜਮਾਤ ਤੋਂ ਹੀ ਸੱਪਾਂ ਨੂੰ ਫੜਨ ਦਾ ਸ਼ੌਕ, 33 ਸਾਲਾਂ ਤੋਂ ਕਰ ਰਿਹੈ ਰੈਸਕਿਊ; ਸੈਮਸੰਗ ਦੀ ਨੌਕਰੀ ਵੀ ਛੱਡੀ
Publish Date: Tue, 17 Nov 2026 07:13 PM (IST)
Updated Date: Tue, 17 Nov 2026 07:15 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ :ਜਿੱਥੇ ਆਮ ਤੌਰ ’ਤੇ ਲੋਕ ਸੱਪ ਨੂੰ ਦੇਖ ਕੇ ਡਰ ਜਾਂਦੇ ਹਨ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਸੱਪਾਂ ਨੂੰ ਬਚਾਉਣ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੈ। ਅਜਿਹੀ ਹੀ ਇੱਕ ਸ਼ਖ਼ਸੀਅਤ ਹਨ ਕੁਲਦੀਪ ਸਿੰਘ ਉਰਫ਼ ਨੰਨੂ ਪੁੱਤਰ ਜਸਪਾਲ ਸਿੰਘ, ਜੋ ਮੌਜੂਦਾ ਸਮੇਂ ਕਪੂਰਥਲਾ ਵਿਖੇ ਰਹਿ ਰਹੇ ਹਨ ਤੇ ਪਿਛਲੇ 33 ਸਾਲਾਂ ਤੋਂ ਸੱਪਾਂ ਨੂੰ ਰੈਸਕਿਊ ਕਰਨ ਦਾ ਕੰਮ ਕਰ ਰਹੇ ਹਨ। ਕੁਲਦੀਪ ਸਿੰਘ ਨੇ ਆਪਣੀ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਆਪਣਾ ਪੂਰਾ ਪਤਾ ਜਨਤਕ ਨਾ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਉਹ 12ਵੀਂ ਜਮਾਤ ਤੱਕ ਪੜ੍ਹੇ ਹੋਏ ਹਨ। ਕੁਲਦੀਪ ਸਿੰਘ ਨੇ ਆਪਣੇ ਬਚਪਨ ਦਾ ਕਿੱਸਾ ਸੁਣਾਉਂਦਿਆਂ ਦੱਸਿਆ ਕਿ ਸੱਪਾਂ ਨੂੰ ਫੜਨ ਦਾ ਸ਼ੌਕ ਉਨ੍ਹਾਂ ਨੂੰ ਆਪਣੇ ਦਾਦਾ ਜੀ ਗੁਰਦਿਆਲ ਸਿੰਘ ਤੋਂ ਵਿਰਾਸਤ ਵਿੱਚ ਮਿਲਿਆ। ਉਨ੍ਹਾਂ ਦੇ ਦਾਦਾ ਜੀ ਵੀ ਸੱਪਾਂ ਨੂੰ ਫੜਨ ਦਾ ਕਾਫ਼ੀ ਤਜਰਬਾ ਰੱਖਦੇ ਸਨ ਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਨ ਤਾਂ ਸਕੂਲ ਤੋਂ ਘਰ ਆਉਂਦੇ ਸਮੇਂ ਰਸਤੇ ਵਿੱਚ ਜੇਕਰ ਕੋਈ ਸੱਪ ਦਿਖਾਈ ਦੇ ਜਾਂਦਾ ਤਾਂ ਉਹ ਉਸ ਨੂੰ ਫੜ ਕੇ ਆਪਣੇ ਸਕੂਲ ਵਾਲੇ ਬਸਤੇ ਵਿੱਚ ਪਾ ਲੈਂਦੇ ਸਨ। ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਕਾਰਨ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਕੂਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਮਾਪਿਆਂ ਵੱਲੋਂ ਬੇਨਤੀ ਕਰਨ ’ਤੇ ਉਨ੍ਹਾਂ ਨੂੰ ਮੁੜ ਸਕੂਲ ਵਿੱਚ ਦਾਖ਼ਲਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਹਿਜ਼ 8 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸੱਪ ਨੂੰ ਰੈਸਕਿਊ ਕੀਤਾ ਸੀ ਅਤੇ ਉਸ ਸਮੇਂ ਤੋਂ ਹੀ ਇਹ ਸ਼ੌਕ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਸੈਮਸੰਗ ਕੰਪਨੀ ਵਿੱਚ ਬਤੌਰ ਐਕਸਪੀਰੀਅੰਸ ਕੰਸਲਟੈਂਟ ਨੌਕਰੀ ਕਰਦੇ ਸਨ ਤੇ ਉਨ੍ਹਾਂ ਨੂੰ 20 ਤੋਂ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ ਪਰ ਜਦੋਂ ਡਿਊਟੀ ਦੌਰਾਨ ਲੋਕਾਂ ਦੇ ਘਰਾਂ ਵਿੱਚ ਸੱਪ ਆਉਣ ਦੀ ਸੂਚਨਾ ਮਿਲਦੀ ਤਾਂ ਉਹ ਸੱਪਾਂ ਨੂੰ ਰੈਸਕਿਊ ਕਰਨ ਲਈ ਚਲੇ ਜਾਂਦੇ ਸਨ। ਕੰਪਨੀ ਵੱਲੋਂ ਉਨ੍ਹਾਂ ਨੂੰ ਨੌਕਰੀ ਜਾਂ ਆਪਣੇ ਸ਼ੌਕ ਵਿੱਚੋਂ ਇੱਕ ਚੁਣਨ ਲਈ ਕਿਹਾ ਗਿਆ। ਆਖ਼ਰਕਾਰ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਸੱਪਾਂ ਨੂੰ ਬਚਾਉਣ ਦੇ ਕੰਮ ਨੂੰ ਤਰਜੀਹ ਦਿੱਤੀ। ਮੁਹਾਵਾ ਬਾਰਡਰ ਨੇੜੇ ਫ਼ੌਜੀ ਬੰਕਰ ’ਚੋਂ 15 ਫੁੱਟ ਦਾ ਅਜਗਰ ਕੀਤਾ ਰੈਸਕਿਊ ਕੁਲਦੀਪ ਸਿੰਘ ਨੇ ਆਪਣੇ ਤਜਰਬੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਮੁਹਾਵਾ ਨੇੜੇ ਬਾਰਡਰ ਏਰੀਏ ਵਿੱਚ ਫ਼ੌਜ ਦੇ ਇੱਕ ਬੰਕਰ ਵਿੱਚੋਂ ਕਰੀਬ 15 ਫੁੱਟ ਲੰਬੇ ਅਜਗਰ ਨੂੰ ਰੈਸਕਿਊ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਜਗਰ ਨੂੰ ਬਾਹਰ ਕੱਢਣਾ ਕਾਫ਼ੀ ਮੁਸ਼ਕਲ ਸੀ। ਇਸ ਲਈ ਜੇਸੀਬੀ ਮਸ਼ੀਨ ਦੀ ਮਦਦ ਨਾਲ ਖੁਦਾਈ ਕਰਨੀ ਪਈ। ਸਵੇਰੇ 7 ਵਜੇ ਸ਼ੁਰੂ ਹੋਇਆ ਇਹ ਕੰਮ ਰਾਤ 8 ਵਜੇ ਤੱਕ ਚੱਲਿਆ ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅਜਗਰ ਨੂੰ ਬਾਹਰ ਕੱਢਿਆ ਗਿਆ।