10 ਲੱਖ ਦੇ ਇਲਾਜ ਦੀ ਸਹੂਲਤ, ਆਪਣੇ-ਆਪ ’ਚ ਮਿਸਾਲ : ਮਾਨ
ਹਲਕਾ ਇੰਚਾਰਜ ਹਰਜੀ ਮਾਨ ਨੇ ਕੀਤਾ ਕੈਂਪ ਦਾ ਦੌਰਾ
Publish Date: Sun, 22 Feb 2026 09:02 PM (IST)
Updated Date: Sun, 22 Feb 2026 09:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ 10 ਲੱਖ ਰੁਪਏ ਸਲਾਨਾ ਹੈਲਥ ਕੇਅਰ ਸਕੀਮ ਤਹਿਤ ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਢੱਕ ਪੰਡੋਰੀ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜੋ ਕਿ ਪੂਰਾ ਇਕ ਹਫਤਾ ਜਾਰੀ ਰਿਹਾ। ਸਰਪੰਚ ਵਿਜੇ ਕੁਮਾਰ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਦੇ ਆਖਰੀ ਦਿਨ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਤੇ ਬਲਾਕ ਸੰਮਤੀ ਮੈਂਬਰ ਅਜੇ ਕੁਮਾਰ ਖਜੂਰਲਾ ਵਿਸ਼ੇਸ਼ ਤੌਰ ’ਤੇ ਪਿੰਡ ਢੱਕ ਪੰਡੋਰੀ ਪਹੁੰਚੇ। ਹਰਜੀ ਮਾਨ ਨੇ ਕੈਂਪ ਦੇ ਕੰਮ ਨੂੰ ਲੈ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਦੱਸਿਆ ਕਿ ਇਸ ਹੈਲਥ ਯੋਜਨਾ ਤਹਿਤ ਹਰੇਕ ਪੰਜਾਬੀ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ 10 ਲੱਖ ਰੁਪਏ ਤੱਕ ਦਾ ਮੁਫਰ ਇਲਾਜ ਕਰਵਾਉਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਜੋ ਕਿ ਆਪਣੇ-ਆਪ ਵਿਚ ਇਕ ਮਿਸਾਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਪਿੰਡ ਵਿਚ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕਰਵਾਈ ਜਾਵੇਗੀ, ਤਾਂ ਜੋ ਪਿੰਡ ਢੱਕ ਪੰਡੋਰੀ ਤੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਫਰੀ ਸਿਹਤ ਸਹੂਲਤਾਂ ਪ੍ਰਾਪਤ ਹੋ ਸਕਣ। ਸਰਪੰਚ ਵਿਜੇ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਅਕਸ਼ੈ ਕੁਮਾਰ ਆਪ੍ਰੇਟਰ ਸੇਵਾ ਕੇਂਦਰ ਤੇ ਸੁਖਦੇਵ ਸਿੰਘ ਹੈੱਲਥ ਇੰਸਪੈਕਟਰ ਸੀਐੱਚਸੀ ਪਾਂਛਟ ਦੀ ਟੀਮ ਵੱਲੋਂ ਕਰੀਬ 500 ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਏ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਤਹਿਤ ਲਾਗੂ ਕੀਤੀ ਇਸ ਯੋਜਨਾ ਦੀ ਵੀ ਭਰਪੂਰ ਸ਼ਲਾਘਾ ਕੀਤੀ। ਸਰਪੰਚ ਵਿਜੇ ਕੁਮਾਰ ਨੇ ਹਰਜੀ ਮਾਨ ਨੂੰ ਬਾਈਪਾਸ ਤੋਂ ਘੁੰਮਣਾਂ ਜਾਣ ਵਾਲੀ ਸੜਕ ਦੀ ਤੁਰੰਤ ਉਸਾਰੀ ਦੀ ਲੋੜ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਲਈ ਜਿਮ ਬਣਾਉਣ ਦੀ ਅਪੀਲ ਵੀ ਕੀਤੀ। ਹਰਜੀ ਮਾਨ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਮੰਗਾਂ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਐੱਸਸੀ ਵਿੰਗ ਦੇ ਬਲਾਕ ਪ੍ਰਧਾਨ ਅਜੇ ਕੁਮਾਰ, ਪ੍ਰੇਮ ਕੁਮਾਰ ਪੰਚ, ਕੁਲਦੀਪ ਕੁਮਾਰ, ਜਗਦੀਸ਼ ਕੁਮਾਰ, ਦਲਵੀਰ ਗੱਗੀ, ਸੁਰਿੰਦਰ ਕੁਮਾਰ ਬਾਈ, ਮਨੋਜ ਕੁਮਾਰ, ਰਾਮ ਮੂਰਤੀ ਲਾਲੀ, ਰੌਸ਼ਨ ਲਾਲ, ਕਾਰਤਿਕ ਬੋਧ, ਮਨਪ੍ਰੀਤ ਦਦਰਾ, ਸੁਰਜੀਤ ਕੌਰ, ਗੀਤਾ ਰਾਣੀ, ਕਾਂਤਾ ਰਾਣੀ ਤੇ ਪ੍ਰੀਤੀ ਆਦਿ ਹਾਜ਼ਰ ਸਨ।