ਗੁਰਵਿੰਦਰ ਸਿੰਘ ਸਾਹੀ ਬਣੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸਾਹੀ ਬਣੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ
Publish Date: Tue, 21 Jul 2026 09:40 PM (IST)
Updated Date: Tue, 21 Jul 2026 09:43 PM (IST)
‘ਆਪ’ ਦਾ ਕਿਸਾਨੀ ਵਿੰਗ ਜ਼ਿਲ੍ਹੇ ਭਰ ’ਚ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਪਾਰਟੀ ਨਾਲ ਜੋੜੇਗਾ : ਸਾਹੀ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਗੁਰਵਿੰਦਰ ਸਿੰਘ ਸਾਹੀ ਨੂੰ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਆਪਣੀ ਨਿਯੁਕਤੀ ’ਤੇ ਗੁਰਵਿੰਦਰ ਸਿੰਘ ਸਾਹੀ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੂਬਾ ਇੰਚਾਰਜ ਮੁਨੀਸ਼ ਸਿਸੋਦੀਆ, ਚੇਅਰਮੈਨ ਮਹਿੰਦਰ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੁਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਦਾ ਧੰਨਵਾਦ ਕੀਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਗੁਰਵਿੰਦਰ ਸਿੰਘ ਸਾਹੀ ਦੇ ਜਾਣਕਾਰਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਹਨਾਂ ਨੂੰ ਸਿਰੋਪਾਓ ਪਾ ਕੇ ਲੱਡੂ ਖਵਾ ਕੇ ਸਾਹੀ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਗੁਰਵਿੰਦਰ ਸਿੰਘ ਸਾਹੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਇੱਕ ਇੱਕ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਅਗਲੇ ਪੱਧਰ ਤਕ ਲਿਜਾਣ ਲਈ ਸੰਗਠਨ ਦੀ ਮਜ਼ਬੂਤੀ ਸਭ ਤੋਂ ਪਹਿਲੀ ਲੋੜ ਹੈ। ਕਿਸਾਨ ਵਿੰਗ ਆਗੂਆਂ ਤੇ ਵਰਕਰਾਂ ਨਾਲ ਮਿਲ ਕੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਪੱਧਰ ’ਤੇ ਮਜ਼ਬੂਤ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਮਰਪਿਤ ਤੇ ਜਜ਼ਬੇ ਨਾਲ ਕੰਮ ਕਰਨ ਵਾਲੇ ਇਹ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਨਾ ਸਿਰਫ਼ ਪਾਰਟੀ ਅਤੇ ਕਿਸਾਨ ਵਿੰਗ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ, ਸਗੋਂ ਜ਼ਿਲ੍ਹੇ ਲਈ ਮਾਣ ਦਾ ਕਾਰਨ ਵੀ ਬਣਨਗੇ। ਸਾਹੀ ਨੇ ਦੱਸਿਆ ਕਿ ਕਿਸਾਨ ਵਿੰਗ ਡੇਅਰੀ ਕਿਸਾਨਾਂ, ਮਜ਼ਦੂਰਾਂ ਤੇ ਸਹਾਇਕ ਧੰਦਿਆਂ ਨਾਲ ਜੁੜੇ ਪਰਿਵਾਰਾਂ ਦੀਆਂ ਆਵਾਜ਼ਾਂ ਨੂੰ ਉੱਪਰ ਲਿਜਾਣ ਲਈ ਹਮੇਸ਼ਾ ਅੱਗੇ ਰਹੇਗਾ। ਸਾਹੀ ਨੇ ਨੌਜਵਾਨਾਂ ਨੂੰ ਖੇਤੀ ਤੇ ਸੰਗਠਨ ਨਾਲ ਜੋੜਨ ਰਾਹੀਂ ਖੇਤੀਬਾੜੀ ਨੂੰ ਨਵੀਂ ਦਿਸ਼ਾ ਤੇ ਰੂਪ ਦੇਣ ਲਈ ਲਗਾਤਾਰ ਯਤਨ ਕੀਤੇ ਜਾਣਗੇ। ਸਾਹੀ ਨੇ ਸਮੂਹ ਅਹੁਦੇਦਾਰਾਂ ਨੂੰ ਵਰਕਰਾਂ ਨੂੰ ਕਿਹਾ ਕਿ ਜ਼ਿਲ੍ਹੇ ਭਰ ਵਿਚ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾ ਬਾਰੇ ਜਾਣਨ ਲਈ ਗਰਾਊਂਡ ਲੈਵਲ ’ਤੇ ਉਤਰਿਆ ਜਾਵੇ ਤਾਂ ਕਿ ਰਾਜ ਦੇ ਕਿਸਾਨਾਂ ਨੂੰ ਮਜ਼ਬੂਤ ਕੀਤਾ ਜਾਵੇ। ਸਾਹੀ ਨੇ ਕਿਹਾ ਕਿ ਪਾਰਟੀ ਦਾ ਸਭ ਤੋਂ ਮਜ਼ਬੂਤ ਕਿਸਾਨ ਵਿੰਗ ਹੈ, ਜੋ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਬਰੀਕੀ ਨਾਲ ਹੀ ਜਾਣ ਸਕਦਾ ਹੈ। ਸਾਹੀ ਨੇ ਕਿਹਾ ਕਿ ਜ਼ਿਲ੍ਹੇ ਭਰ ’ਚ ਕਿਸਾਨੀ ਮੁਸ਼ਕਿਲਾਂ ਨੂੰ ਜਾਨਣ ਲਈ ਪਿੰਡ ਵਾਈਜ਼ ਕਮੇਟੀਆਂ ਬਣਾਈਆਂ ਜਾਣਗੀਆਂ, ਜਿਸ ਵਿਚ ਮੈਂਬਰ ਤੇ ਇਕ ਕੋਆਰਡੀਨੇਟਰ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਕਿਸਾਨ ਵਿੰਗ ਦੀਆਂ ਪਿੰਡਾਂ ਵਾਈਜ਼ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਜ਼ਿਲ੍ਹੇ ਭਰ ’ਚ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਪਾਰਟੀ ਨਾਲ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਨਵੀ ਟੀਮ ਦਾ ਗਠਨ ਕਰਕੇ ਕਿਸਾਨ ਵਿੰਗ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਤੇ ਕਿਸਾਨ ਭਰਾਵਾਂ ਦੀਆਂ ਆਵਾਜ਼ਾਂ ਨੂੰ ਉਭਾਰਨ ਲਈ ਪੂਰੇ ਜਜ਼ਬੇ ਨਾਲ ਕੰਮ ਕੀਤਾ ਜਾਵੇਗਾ।