ਝਾੜੂ ਸਾੜਨ ਵਾਲਿਆਂ ’ਤੇ ਗੁਰਸ਼ਰਨ ਸਿੰਘ ਨੇ ਕੱਸਿਆ ਤੰਜ਼ ਝਾੜੂ ਸਾੜਨ ਵਾਲਿਆਂ ’ਤੇ ਗੁਰਸ਼ਰਨ ਸਿੰਘ ਨੇ ਕੱਸਿਆ ਤੰਜ
Publish Date: Mon, 26 Oct 2026 07:28 PM (IST)
Updated Date: Mon, 26 Oct 2026 07:31 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੇ ਦਿਨੀਂ ਫਗਵਾੜਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਸਾੜਨ ਦੇ ਮਾਮਲੇ ’ਤੇ ਸਿਆਸੀ ਤੰਜ] ਕੱਸਦਿਆਂ ਆਮ ਆਦਮੀ ਪਾਰਟੀ ਦੇ ਫਗਵਾੜਾ ਸੰਗਠਨ ਇੰਚਾਰਜ ਗੁਰਸ਼ਰਨ ਸਿੰਘ ਨੇ ਅਕਾਲੀ ਦਲ ਦੇ ਆਗੂਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ। ਗੁਰਸ਼ਰਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਝਾੜੂ ਨਵੇਂ ਖਰੀਦ ਕੇ ਸਾੜੇ ਹਨ ਜਾਂ ਆਪਣੇ ਘਰਾਂ ਵਿੱਚੋਂ ਲਿਆ ਕੇ ਸਾੜੇ ਹਨ? ਉਨ੍ਹਾਂ ਕਿਹਾ ਕਿ ਜੇਕਰ ਝਾੜੂ ਘਰਾਂ ਵਿੱਚੋਂ ਲਿਆਂਦੇ ਗਏ ਸਨ ਤਾਂ ਫਿਰ ਉਹ ਆਪਣੇ ਘਰਾਂ ਦੀ ਸਫ਼ਾਈ ਕਿਸ ਚੀਜ਼ ਨਾਲ ਕਰਦੇ ਹੋਣਗੇ। ਝਾੜੂ ਹੀ ਇਕ ਅਜਿਹਾ ਹਥਿਆਰ ਹੈ ਜਿਸ ਤੋਂ ਬਿਨਾਂ ਸਫਾਈ ਨਾਮੁਮਕਿਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਗੰਦਗੀ ਇਕੱਠੀ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਝਾੜੂ ਸਾੜ ਕੇ ਅਕਾਲੀ ਆਗੂ ਇਹ ਸੰਦੇਸ਼ ਦੇ ਰਹੇ ਹਨ ਕਿ ਉਨ੍ਹਾਂ ਨੂੰ ਸਫ਼ਾਈ ਪਸੰਦ ਨਹੀਂ ਹੈ। ਗੁਰਸ਼ਰਨ ਸਿੰਘ ਨੇ ਕਿਹਾ ਕਿ ਝਾੜੂ ਸਾੜਨ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ, ਸਗੋਂ ਉਨ੍ਹਾਂ ਦੇ ਅਨੁਸਾਰ ਇਸ ਤਰ੍ਹਾਂ ਦੀ ਕਾਰਵਾਈ ਨਾਲ ਅਕਾਲੀ ਆਗੂਆਂ ਦੇ ਘਰਾਂ ਵਿੱਚ ਗੰਦਗੀ ਦੇ ਢੇਰ ਹੋਰ ਵਧਣਗੇ। ਗੁਰਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਬਿਹਤਰੀ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੜ ਪੰਜਾਬ ਦੀ ਸੱਤਾ ਸੰਭਾਲਣਗੇ ਤੇ ਸੂਬੇ ਵਿੱਚੋਂ ਗੰਦਗੀ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦੇ ਆਪਣੇ ਯਤਨ ਜਾਰੀ ਰੱਖਣਗੇ।