ਗੁਰਸ਼ਰਨ ਸਿੰਘ ਫਗਵਾੜਾ ਹਲਕੇ ਦੇ ਸੰਗਠਨ ਇੰਚਾਰਜ ਨਿਯੁਕਤ ਗੁਰਸ਼ਰਨ ਸਿੰਘ ਨੂੰ ‘ਆਪ’ ਹਾਈ ਕਮਾਂਡ ਵੱਲੋਂ ਵੱਡੀ ਜ਼ਿੰਮੇਵਾਰੀ, ਫਗਵਾੜਾ ਹਲਕੇ ਦੇ ਸੰਗਠਨ ਇੰਚਾਰਜ ਨਿਯੁਕਤ
Publish Date: Tue, 15 Sep 2026 06:51 PM (IST)
Updated Date: Tue, 15 Sep 2026 06:53 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਜ਼ਾਦ ਯੂਥ ਕਲੱਬ ਫਗਵਾੜਾ ਦੇ ਪ੍ਰਧਾਨ, ਉੱਘੇ ਸਮਾਜ ਸੇਵਕ ਤੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੇ ਕਰੀਬੀ ਟਕਸਾਲੀ ਆਮ ਆਦਮੀ ਪਾਰਟੀ ਆਗੂ ਗੁਰਸ਼ਰਨ ਸਿੰਘ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਵਿਧਾਨ ਸਭਾ ਹਲਕਾ ਫਗਵਾੜਾ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ‘ਆਪ’ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿੰਮੇਵਾਰੀ ਮਿਲਣ ਉਪਰੰਤ ਗੁਰਸ਼ਰਨ ਸਿੰਘ ਨੇ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟਾਇਆ ਗਿਆ ਹੈ, ਉਹ ਉਸ ’ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਯਕੀਨ ਦਿਵਾਇਆ ਕਿ ਮਿਲੀ ਜ਼ਿੰਮੇਵਾਰੀ ਨੂੰ ਪਾਰਟੀ ਦੇ ਹਰ ਵਰਕਰ ਤੇ ਆਗੂ ਨੂੰ ਨਾਲ ਲੈ ਕੇ ਪੂਰੀ ਇਮਾਨਦਾਰੀ, ਤਨਦੇਹੀ ਤੇ ਮਿਹਨਤ ਨਾਲ ਨਿਭਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਗੁਰਸ਼ਰਨ ਸਿੰਘ ਆਮ ਆਦਮੀ ਪਾਰਟੀ ਦੇ ਟਕਸਾਲੀ ਯੂਥ ਆਗੂ ਵੀ ਰਹਿ ਚੁੱਕੇ ਹਨ ਤੇ ਉਹ ਪੰਜਾਬ ਵਿੱਚ ਪਾਰਟੀ ਦੇ ਸ਼ੁਰੂਆਤੀ ਦੌਰ ਤੋਂ ਹੀ ਪਾਰਟੀ ਨਾਲ ਜੁੜੇ ਰਹੇ ਹਨ। ਕੁਝ ਸਮੱਸਿਆਵਾਂ ਦੇ ਚਲਦਿਆਂ ਉਹ ਸਰਗਰਮ ਸਿਆਸਤ ਤੋਂ ਦੂਰ ਹੋ ਕੇ ਘਰ ਬੈਠ ਗਏ ਸਨ। ਹੁਣ ਡਾ. ਚੱਬੇਵਾਲ ਵੱਲੋਂ ਫਗਵਾੜਾ ਵਿੱਚ ਪਾਰਟੀ ਦੀ ਕਮਾਨ ਸੰਭਾਲਣ ਉਪਰੰਤ ਗੁਰਸ਼ਰਨ ਸਿੰਘ ਨੂੰ ਸੰਗਠਨ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਸਿਆਸੀ ਹਲਕਿਆਂ ਵਿੱਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਜ਼ਿੰਮੇਵਾਰੀ ਰਾਹੀਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਪੁਰਾਣੇ ਤੇ ਨਵੇਂ ਵਰਕਰਾਂ ਨੂੰ ਇੱਕਜੁੱਟ ਕਰਨ ਤੇ ਹਰ ਵਰਕਰ ਦੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਗੁਰਸ਼ਰਨ ਸਿੰਘ ਦੀ ਨਿਯੁਕਤੀ ਨਾਲ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਫਗਵਾੜਾ ਹਲਕੇ ਵਿੱਚ ਨਵੀਂ ਦਿਸ਼ਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।