ਗੁਰਬਾਣੀ ਨਾਲ ਗੂੰਜਿਆ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਰਵੇਜ਼ ਨਗਰ ਦੇ ਸਾਲਾਨਾ ਜੋੜ ਮੇਲੇ ’ਚ ਗੁਰਬਾਣੀ ਨਾਲ ਗੂੰਜਿਆ ਗੁਰਦੁਆਰਾ ਕਲਗੀਧਰ ਸਿੰਘ ਸਭਾ
Publish Date: Mon, 31 Aug 2026 10:07 PM (IST)
Updated Date: Mon, 31 Aug 2026 10:10 PM (IST)
ਸੰਗਤ ਨੇ ਮਾਲ-ਡੰਗਰ, ਜੀਆ-ਜੰਤ, ਫ਼ਸਲਾਂ ਦੀ ਚੜ੍ਹਦੀ ਕਲਾ ਤੇ ਨਗਰ ਦੀ ਸੁੱਖ-ਸ਼ਾਂਤੀ ਲਈ ਕੀਤੀ ਅਰਦਾਸ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਸਾਲਾਨਾ ਜੋੜ ਮੇਲੇ ਦੀਆਂ ਧਾਰਮਿਕ ਰਸਮਾਂ ਤਹਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਰਵੇਜ਼ ਨਗਰ ਵਿਖੇ ਸਮੂਹ ਸੰਗਤ ਵੱਲੋਂ ਸ਼ਰਧਾ, ਸਤਿਕਾਰ ਤੇ ਗੁਰਬਾਣੀ ਦੇ ਰੰਗ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੋ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪੁਜੀ ਸਾਹਿਬ ਜੀ ਦੇ ਭੋਗ ਪਾਏ ਗਏ। ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਸੰਤ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਮਿਲਖਾ ਸਿੰਘ ਜੀ ਤੇ ਸੰਤ ਬਾਬਾ ਦਇਆ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤੀ ਗਈ, ਜਦਕਿ ਦੂਸਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਾਲ-ਡੰਗਰ, ਜੀਆ-ਜੰਤ, ਫ਼ਸਲਾਂ ਦੀ ਚੜ੍ਹਦੀ ਕਲਾ ਤੇ ਸਮੁੱਚੇ ਨਗਰ ਦੀ ਸੁੱਖ-ਸ਼ਾਂਤੀ ਲਈ ਪਾਏ ਗਏ। ਧਾਰਮਿਕ ਸਮਾਗਮ ਵਿੱਚ ਸੰਤ ਬਾਬਾ ਲੀਡਰ ਸਿੰਘ ਜੀ ਗੁਰਸਰ ਸਾਹਿਬ ਵਾਲੇ ਤੇ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ, ਸੰਤ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸੰਤਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਆਧਿਆਤਮਕ ਤੇ ਸ਼ਰਧਾਮਈ ਬਣਾ ਦਿੱਤਾ। ਅਰਦਾਸ ਉਪਰੰਤ ਸੰਤ ਬਾਬਾ ਲੀਡਰ ਸਿੰਘ ਜੀ ਤੇ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਗੁਰ ਇਤਿਹਾਸ ਨਾਲ ਪ੍ਰੇਰਿਤ ਕੀਤਾ। ਉਪਰੰਤ ਇੰਟਰਨੈਸ਼ਨਲ ਕਵੀਸ਼ਰ ਜਥਾ ਭਾਈ ਗੁਰਮੁਖ ਸਿੰਘ ਐੱਮਏ, ਜੁਗਰਾਜ ਸਿੰਘ ਅਡਨਾਵਾਲੀ, ਦਲਜੀਤ ਸਿੰਘ ਸੇਖਵਾਂ, ਰਣਜੀਤ ਸਿੰਘ ਚੀਮਾ ਵੱਲੋਂ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ, ਸੰਘਰਸ਼ ਤੇ ਕੁਰਬਾਨੀ ਨਾਲ ਸਬੰਧਤ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਕਵੀਸ਼ਰੀ ਰਾਹੀਂ ਸੁਣਾਏ ਇਤਿਹਾਸ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਨਾਲ ਜੋੜਿਆ। ਵੱਡੀ ਗਿਣਤੀ ਵਿੱਚ ਸੰਗਤਾਂ ਹੁੰਮ-ਹੁੰਮਾ ਕੇ ਸਮਾਗਮ ਵਿੱਚ ਪਹੁੰਚੀਆਂ ਤੇ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਬੱਝ ਕੇ ਬੈਠ ਕੇ ਧਾਰਮਿਕ ਸਮਾਗਮ ਦਾ ਲਾਹਾ ਲਿਆ।