ਗੁਰਦੁਆਰਾ ਗੁਰੂ ਨਾਨਕ ਸਾਹਿਬ ਲੂਟਨ ਯੂਕੇ ਨੇ ਕੀਤੀ ਹੜ੍ਹ ਪੀੜਤਾਂ ਦੀ ਮਦਦ
ਗੁਰਦੁਆਰਾ ਗੁਰੂ ਨਾਨਕ ਸਾਹਿਬ ਲੂਟਨ ਯੂਕੇ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਮਦਦ
Publish Date: Tue, 24 Feb 2026 07:37 PM (IST)
Updated Date: Tue, 24 Feb 2026 07:40 PM (IST)

ਮੰਡ ਬਾਊਪੁਰ ਖੇਤਰ ਦੇ ਕਿਸਾਨਾਂ-ਮਜ਼ਦੂਰਾਂ ਨੂੰ ਦਿੱਤੀ ਆਰਥਿਕ ਸਹਾਇਤਾ, ਭਵਿੱਖ ’ਚ ਹੋਰ ਸਹਿਯੋਗ ਦਾ ਭਰੋਸਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹੜ੍ਹਾਂ ਨਾਲ ਤਬਾਹ ਹੋਏ ਇਲਾਕਿਆਂ ਵਿਚ ਦੁਖੀ ਪਰਿਵਾਰਾਂ ਦੇ ਹੌਸਲੇ ਵਧਾਉਂਦੇ ਹੋਏ ਯੂਨਾਈਟਿਡ ਕਿੰਗਡਮ ਦੇ ਬੈੱਡਫੋਰਡ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਲੂਟਨ ਦੇ ਟਰੱਸਟੀਆਂ ਤੇ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਗਈ। ਗੁਰਦੁਆਰਾ ਸਾਹਿਬ ਵੱਲੋਂ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਨੂੰ ਕਰੀਬ 15 ਲੱਖ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੌਰਾਨ ਵਫ਼ਦ ਨੇ ਮੰਡ ਬਾਊਪੁਰ ਇਲਾਕੇ ਦਾ ਦੌਰਾ ਕਰਦੇ ਹੋਏ ਹੜ੍ਹ ਕਾਰਨ ਭਾਰੀ ਨੁਕਸਾਨ ਝੱਲ ਰਹੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਰਾਹਤ ਦੀ ਰਕਮ ਵੰਡੀ। ਪ੍ਰਧਾਨ ਹਰਜੋਤ ਸਿੰਘ ਚੀਮਾ ਅਤੇ ਟਰੱਸਟੀ ਸੰਤੋਖ ਸਿੰਘ ਮਾਹਲ ਦੀ ਅਗਵਾਈ ਹੇਠ ਟੀਮ ਖੁਦ ਪੀੜਤ ਪਰਿਵਾਰਾਂ ਤੱਕ ਪਹੁੰਚੀ ਤੇ ਉਨ੍ਹਾਂ ਦਾ ਦਰਦ ਵੰਡਾਇਆ। ਇਸ ਮੌਕੇ ਟਰੱਸਟੀ ਸੰਤੋਖ ਸਿੰਘ ਮਾਹਲ ਨੇ ਮੌਕੇ ‘ਤੇ ਪੀੜਤਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਗਿਆ ਕਿ ਉਹ ਇਕੱਲੇ ਨਹੀਂ ਹਨ, ਵਿਦੇਸ਼ ਵਿਚ ਬੈਠੀ ਸੰਗਤ ਹਰ ਸਮੇਂ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਮਨੁੱਖਤਾ ਦੀ ਸੇਵਾ ਹੈ ਤੇ ਜਿਥੇ ਵੀ ਕਿਸੇ ਨੂੰ ਲੋੜ ਹੋਵੇਗੀ, ਗੁਰਦੁਆਰਾ ਸਾਹਿਬ ਵੱਲੋਂ ਮਦਦ ਦਾ ਹੱਥ ਅੱਗੇ ਵੀ ਵਧਾਇਆ ਜਾਂਦਾ ਰਹੇਗਾ। ਸੰਤੋਖ ਸਿੰਘ ਮਾਹਲ ਨੇ ਦੱਸਿਆ ਕਿ ਇਹ ਸਹਾਇਤਾ ਖ਼ਾਸ ਤੌਰ ‘ਤੇ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਗਈ ਹੈ, ਜਿਨ੍ਹਾਂ ਦੇ ਘਰ ਦਰਿਆ ਬਿਆਸ ਦੀ ਭਿਆਨਕ ਲਪੇਟ ਵਿਚ ਆ ਕੇ ਤਬਾਹ ਹੋ ਗਏ ਸਨ ਤੇ ਜੋ ਇਕ ਝਟਕੇ ਵਿਚ ਬੇਘਰ ਹੋ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ। ਕਈ ਕਿਸਾਨਾਂ ਦੀ ਉਪਜਾਊ ਜ਼ਮੀਨ ਵਿਚ ਰੇਤ ਪੈ ਜਾਣ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਗਈ ਸੀ, ਇਸ ਲਈ ਉਨ੍ਹਾਂ ਦੀ ਵਿਸ਼ੇਸ਼ ਮਦਦ ਕੀਤੀ ਗਈ। ਵਫ਼ਦ ਵੱਲੋਂ ਕੁਝ ਕਿਸਾਨਾਂ ਨੂੰ ਖਾਦ ਵੀ ਵੰਡੀ ਗਈ ਤਾਂ ਜੋ ਉਹ ਮੁੜ ਖੇਤੀਬਾੜੀ ਸ਼ੁਰੂ ਕਰ ਸਕਣ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੀ ਰਾਹਤ ਸਹਾਇਤਾ ਪਹੁੰਚਾਈ ਜਾਵੇਗੀ, ਤਾਂ ਜੋ ਉਹ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਸਮਾਜ ਸੇਵੀ ਤੇ ਸੈਕਟਰੀ ਸਤਿੰਦਰ ਸਿੰਘ ਚੀਮਾ ਬੂਸੋਵਾਲ, ਸਮਾਜ ਸੇਵੀ ਗਗਨਦੀਪ ਸਿੰਘ ਚੀਮਾ, ਤਰਨਜੀਤ ਸਿੰਘ ਚੀਮਾ ਤੇ ਅਮਰੀਕ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਗੁਰਦੁਆਰਾ ਸਾਹਿਬ ਲੂਟਨ ਦੀ ਸੰਗਤ ਵੱਲੋਂ ਕੀਤਾ ਗਿਆ ਇਹ ਉਪਰਾਲਾ ਸੱਚੀ ਮਨੁੱਖਤਾ ਤੇ ਗੁਰੂ ਘਰ ਦੀ ਸੇਵਾ ਭਾਵਨਾ ਦੀ ਜੀਵੰਤ ਮਿਸਾਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਰਹਿੰਦੇ ਹੋਏ ਵੀ ਸੰਗਤ ਨੇ ਆਪਣੇ ਵਤਨ ਦੇ ਦੁੱਖ-ਦਰਦ ਨੂੰ ਆਪਣਾ ਸਮਝਿਆ ਤੇ ਹੜ੍ਹ ਪੀੜਤ ਪਰਿਵਾਰਾਂ ਤੱਕ ਖੁਦ ਪਹੁੰਚ ਕੇ ਮਦਦ ਕਰਨਾ ਬਹੁਤ ਹੀ ਸਰਾਹਣਯੋਗ ਕਦਮ ਹੈ। ਉਨ੍ਹਾਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਲੂਟਨ ਦੇ ਟਰੱਸਟੀਆਂ, ਕਮੇਟੀ ਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਅਜਿਹੀਆਂ ਸੇਵਾਵਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਟਰੱਸਟੀ ਸੰਤੋਖ ਸਿੰਘ ਮਾਹਲ, ਸੈਕਟਰੀ ਸਤਿੰਦਰ ਸਿੰਘ ਚੀਮਾ ਬੂਸੋਵਾਲ, ਗਗਨਦੀਪ ਸਿੰਘ ਚੀਮਾ, ਤਰਨਜੀਤ ਸਿੰਘ ਚੀਮਾ, ਅਮਰੀਕ ਸਿੰਘ, ਕਰਨੈਲ ਸਿੰਘ, ਕਸ਼ਮੀਰ ਸਿੰਘ ਖਹਿਰਾ, ਨੰਬਰਦਾਰ ਜੋਗਿੰਦਰ ਸਿੰਘ, ਕੁਲਦੀਪ ਸਿੰਘ ਚੀਮਾ, ਕਰਤਾਰ ਸਿੰਘ ਆਦਿ ਹਾਜ਼ਰ ਸਨ।