- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਾ ਅਤੇ ਜਨ-ਜਾਗਰੂਕਤਾ ਨੂੰ ਸਮਰਪਿਤ ਐਂਟੀ ਕਰਪਸ਼ਨ ਫੋਰਮ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਕੰਗ

ਐਂਟੀ ਕਰਪਸ਼ਨ ਫੋਰਮ ਵੱਲੋਂ ਦਿੱਤੀ ਗਈ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ
ਹਰ ਮਹੀਨੇ 25 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੇ ਹਨ
ਪੰਜਾਬੀ ਜਾਗਰਣ ਪ੍ਰਤੀਨਿੱਧ
ਫਗਵਾੜਾ : ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵੀ ਗੁਰਦੀਪ ਸਿੰਘ ਕੰਗ ਲਾਇਨਜ਼ ਇੰਟਰਨੈਸ਼ਨਲ 321-ਡੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹਨ। ਇਸ ਸਮੇਂ ਉਹ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਤੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਐੱਮਜੇਐੱਫ ਮੈਂਬਰ ਵਜੋਂ ਉਹ ਕਈ ਲਾਇਨਜ਼ ਕਲੱਬਾਂ ਦੀ ਸਥਾਪਨਾ ਕਰਵਾਉਣ ਦਾ ਸਿਹਰਾ ਵੀ ਆਪਣੇ ਸਿਰ ਲੈਂਦੇ ਹਨ। ਇਸ ਤੋਂ ਇਲਾਵਾ ਉਹ ਕਈ ਸਮਾਜਿਕ ਸੰਸਥਾਵਾਂ ਦੀ ਅਗਵਾਈ ਕਰਦੇ ਹੋਏ ਹਰ ਰੋਜ਼ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਐਂਟੀ ਕਰਪਸ਼ਨ ਫੋਰਮ ਵੱਲੋਂ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹ ਹਿਊਮਨ ਰਾਈਟਸ ਕੌਂਸਲ (ਇੰਡੀਆ) ਨਾਲ ਸੂਬਾ ਸਕੱਤਰ ਵਜੋਂ ਜੁੜੇ ਰਹੇ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਇੰਨਾ ਹੀ ਨਹੀਂ, ਉਹ ਬਾਬਾ ਬਾਲਕ ਨਾਥ ਸੇਵਾ ਸਮਿਤੀ ਦੇ ਪ੍ਰਧਾਨ ਵੀ ਹਨ ਤੇ ਹਰ ਮਹੀਨੇ 25 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਕੇ ਗਰੀਬਾਂ ਦੀ ਸਹਾਇਤਾ ਕਰ ਰਹੇ ਹਨ।
ਗੁਰਦੀਪ ਸਿੰਘ ਕੰਗ ਦੀਆਂ ਹੋਰ ਮਹੱਤਵਪੂਰਨ ਸਮਾਜ ਸੇਵੀ ਗਤੀਵਿਧੀਆਂ ਵਿੱਚ ਹਰ ਮਹੀਨੇ ਮੁਫ਼ਤ ਦੰਦਾਂ ਦੇ ਜਾਂਚ ਕੈਂਪ ਲਗਾਉਣਾ, ਖੂਨਦਾਨ ਮੁਹਿੰਮਾਂ ਵਿੱਚ ਖੁਦ ਵੱਧ-ਚੜ੍ਹ ਕੇ ਹਿੱਸਾ ਲੈਣਾ ਅਤੇ ਹੋਰਨਾਂ ਨੂੰ ਵੀ ਖੂਨਦਾਨ ਲਈ ਪ੍ਰੇਰਿਤ ਕਰਨਾ, 200 ਤੋਂ ਵੱਧ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡਣਾ, ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਵਜੋਂ ਆਰਥਿਕ ਸਹਾਇਤਾ ਦੇਣਾ, ਬਿਮਾਰਾਂ ਲਈ ਦਵਾਈਆਂ ਦਾ ਪ੍ਰਬੰਧ ਕਰਨਾ ਤੇ ਵਿਦਿਆਰਥੀਆਂ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਦੇਣਾ ਸ਼ਾਮਲ ਹੈ। ਲੋਕ ਭਲਾਈ ਦੇ ਇਨ੍ਹਾਂ ਕਾਰਜਾਂ ਵਿੱਚ ਉਨ੍ਹਾਂ ਨੂੰ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐੱਸਪੀ ਬਸਰਾ, ਐੱਨਆਰਆਈ ਸੁਖਦੇਵ ਰਾਜ ਮਨੀਲਾ, ਰਾਣਾ ਕੁਲਥਮੀਆ, ਸਮਾਜ ਸੇਵਿਕਾ ਚੰਚਲ ਸੇਠ, ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ ਤੇ ਪੀਆਰਓ ਵਰੁਣ ਵਧਵਾ ਦਾ ਵੀ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋ ਰਿਹਾ ਹੈ।
ਬਾਬਾ ਬਾਲਕ ਨਾਥ ਜੀ ਵਿੱਚ ਅਤੁੱਟ ਸ਼ਰਧਾ ਰੱਖਦੇ ਗੁਰਦੀਪ ਸਿੰਘ ਕੰਗ ਦਾ ਕਹਿਣਾ ਹੈ ਕਿ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਹੀ ਉਹ ਸਮਾਜ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਹਨ ਤੇ ਜਦੋਂ ਤੱਕ ਬਾਬਾ ਜੀ ਦੀ ਕਿਰਪਾ ਰਹੇਗੀ, ਉਹ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਂਦੇ ਰਹਿਣਗੇ।
ਹਾਦਸੇ ਤੋਂ ਬਾਅਦ ਮਿਲੀ ਸਮਾਜ ਸੇਵਾ ਦੀ ਪ੍ਰੇ੍ਰਣਾ
ਗੁਰਦੀਪ ਸਿੰਘ ਕੰਗ ਅਨੁਸਾਰ ਜਦੋਂ ਉਹ ਜਵਾਨੀ ਦੀ ਦਹਿਲੀਜ਼ ’ਤੇ ਸਨ ਤਾਂ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਸਮੇਂ ਇੱਕ ਗਰੀਬ ਰੇਹੜੀ ਵਾਲੇ ਨੇ ਉਨ੍ਹਾਂ ਨੂੰ ਸੜਕ ’ਤੇ ਜ਼ਖ਼ਮੀ ਤੇ ਬੇਹੋਸ਼ ਪਿਆ ਦੇਖ ਕੇ ਹਸਪਤਾਲ ਪਹੁੰਚਾਇਆ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਸਕੀ। ਉਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਸਮਾਜ ਦੇ ਵਾਂਝੇ ਤੇ ਲੋੜਵੰਦ ਵਰਗ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਹੋਈ ਤੇ ਉਹੀ ਭਾਵਨਾ ਅੱਜ ਉਨ੍ਹਾਂ ਦੀ ਸਮਾਜ ਸੇਵਾ ਦੀ ਪ੍ਰੇਰਣਾ ਬਣੀ ਹੋਈ ਹੈ।