ਗੁਰਦੀਪ ਸਿੰਘ ਦੀਪਾ ਹੋਣਗੇ ਨਵੇਂ ਹਲਕਾ ਸੰਗਠਨ ਇੰਚਾਰਜ
ਗੁਰਦੀਪ ਸਿੰਘ ਦੀਪਾ ਹੋਣਗੇ ਨਵੇ ਹਲਕਾ ਸੰਗਠਨ ਇੰਚਾਰਜ
Publish Date: Sun, 29 Mar 2026 08:29 PM (IST)
Updated Date: Sun, 29 Mar 2026 08:32 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਵੱਲੋਂ ਫਗਵਾੜਾ ਵਿਚ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਪਾਰਟੀ ਹਾਈ ਕਮਾਂਡ ਨੇ ਫਗਵਾੜਾ ਦੇ ਪ੍ਰਮੁੱਖ ਆਗੂ ਗੁਰਦੀਪ ਸਿੰਘ ਦੀਪਾ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਸਰੋਤਾਂ ਮੁਤਾਬਕ, ਗੁਰਦੀਪ ਸਿੰਘ ਦੀਪਾ ਨੂੰ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਪਾਰਟੀ ਪ੍ਰਤੀ ਨਿਭਾਈ ਗਈ ਵਫ਼ਾਦਾਰੀ ਤੇ ਮਿਹਨਤ ਦੇ ਮੱਦੇਨਜ਼ਰ ਦਿੱਤੀ ਗਈ ਹੈ। ਉਹ ਪਾਰਟੀ ਦੇ ਹਲਕਾ ਇੰਚਾਰਜ ਹਰਜੀ ਮਾਨ ਦੇ ਕਰੀਬੀ ਸਾਥੀ ਵੀ ਮੰਨੇ ਜਾਂਦੇ ਹਨ। ਇਸ ਨਿਯੁਕਤੀ ਨਾਲ ਫਗਵਾੜਾ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਤੇਜ਼ੀ ਮਿਲਣ ਦੀ ਸੰਭਾਵਨਾ ਹੈ। ਵਰਕਰਾਂ ਵਿਚ ਵੀ ਇਸ ਫੈਸਲੇ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਗੁਰਦੀਪ ਸਿੰਘ ਦੀਪਾ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋਵੇਗੀ। ਗੁਰਦੀਪ ਸਿੰਘ ਦੀਪਾ ਨੇ ਇਸ ਮੌਕੇ ‘ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਉੱਤੇ ਰੱਖੇ ਵਿਸ਼ਵਾਸ ‘ਤੇ ਖਰਾ ਉਤਰਣ ਲਈ ਪੂਰੀ ਮਿਹਨਤ ਕਰਨਗੇ ਤੇ ਹਲਕੇ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ। ਫਗਵਾੜਾ ਵਿਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਸੰਗਠਨ ਇੰਚਾਰਜ ਦੀ ਤਬਦੀਲੀ ਪਿੱਛੇ ਕਈ ਰਾਜਨੀਤਿਕ ਕਾਰਣਾਂ ਦੀ ਚਰਚਾ ਚੱਲ ਰਹੀ ਹੈ। ਪਾਰਟੀ ਵੱਲੋਂ ਗੁਰਦੀਪ ਸਿੰਘ ਦੀਪਾ ਨੂੰ ਨਵੀਂ ਜ਼ਿੰਮੇਵਾਰੀ ਦੇਣ ਨੂੰ ਜਿਥੇ ਸੰਗਠਨ ਦੀ ਮਜ਼ਬੂਤੀ ਵੱਲ ਕਦਮ ਵਜੋਂ ਵੇਖਿਆ ਜਾ ਰਿਹਾ ਹੈ, ਉਥੇ ਹੀ ਸਾਬਕਾ ਇੰਚਾਰਜ ਤਵਿੰਦਰ ਰਾਮ ਦੀ ਕਾਰਗੁਜ਼ਾਰੀ ਵੀ ਚਰਚਾ ਵਿਚ ਹੈ। ਸੂਤਰਾਂ ਮੁਤਾਬਕ, ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਸਾਬਕਾ ਇੰਚਾਰਜ ਤਵਿੰਦਰ ਰਾਮ ਦੀ ਅਗਵਾਈ ਹੇਠ ਪਾਰਟੀ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ, ਜਿਸਦਾ ਕੁਝ ਹੱਦ ਤੱਕ ਅਸਰ ਸੰਗਠਨਿਕ ਜ਼ਿੰਮੇਵਾਰੀਆਂ ‘ਤੇ ਵੀ ਪਿਆ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨਤੀਜਿਆਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਹਾਈ ਕਮਾਂਡ ਨੇ ਸੰਗਠਨ ਵਿਚ ਬਦਲਾਅ ਕਰਦੇ ਹੋਏ ਨਵੇ ਸੰਗਠਨ ਇੰਚਾਰਜ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਵਧੀਆ ਕਾਰਗੁਜ਼ਾਰੀ ਦਿਖਾ ਸਕਦੀ ਸੀ ਪਰ ਅਜਿਹਾ ਨਹੀ ਹੋ ਸਕਿਆ। ਹਾਲਾਂਕਿ ਪਾਰਟੀ ਵੱਲੋਂ ਇਸ ਤਬਦੀਲੀ ਨੂੰ ਰੁਟੀਨ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ, ਪਰ ਰਾਜਨੀਤਿਕ ਹਲਕਿਆਂ ਵਿਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਚੋਣ ਪ੍ਰਦਰਸ਼ਨ ਵੀ ਇਸ ਫੈਸਲੇ ਦਾ ਇਕ ਵੱਡਾ ਕਾਰਣ ਹੋ ਸਕਦਾ ਹੈ। ਨਵੇਂ ਇੰਚਾਰਜ ਗੁਰਦੀਪ ਸਿੰਘ ਦੀਪਾ ਅੱਗੇ ਹੁਣ ਚੁਣੌਤੀ ਰਹੇਗੀ ਕਿ ਉਹ ਸੰਗਠਨ ਨੂੰ ਦੁਬਾਰਾ ਸਰਗਰਮ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਮਜ਼ਬੂਤ ਮੁਕਾਮ ‘ਤੇ ਲੈ ਕੇ ਜਾਣ।