ਗੁਰਬਿੰਦਰ ਸਾਹੀ ਜੁਆਇੰਟ ਸਕੱਤਰ ਨਿਯੁਕਤ ਗੁਰਬਿੰਦਰ ਸਾਹੀ ਆਪ ਕਿਸਾਨ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਨਿਯੁਕਤ
Publish Date: Sat, 17 Oct 2026 08:06 PM (IST)
Updated Date: Sat, 17 Oct 2026 08:09 PM (IST)
--ਕਿਸਾਨਾਂ ਦੀ ਭਲਾਈ ਤੇ ਹੱਕਾਂ ਲਈ ਜੂਝਣਾ ਮੇਰਾ ਮਕਸਦ : ਸਾਹੀ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਵੱਲੋਂ ਹਲਕਾ ਭੁਲੱਥ ਤੋਂ ਆਮ ਆਦਮੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਗੁਰਬਿੰਦਰ ਸਿੰਘ ਸਾਹੀ ਨੂੰ ਆਮ ਆਦਮੀ ਪਾਰਟੀ ਕਿਸਾਨ ਵਿੰਗ ਦਾ ਸੂਬਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਪੰਜਾਬ ’ਚ ਚੱਲ ਰਹੇ ਵਿੰਗ ਪੁਨਰਗਠਨ ਅਧੀਨ ਇਹ ਨਿਯੁਕਤੀ ਕੀਤੀ ਗਈ ਹੈ। ਗੌਰਤਲਬ ਹੈ ਕਿ ਗੁਰਬਿੰਦਰ ਸਿੰਘ ਸਾਹੀ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੀ ਅਵਾਜ਼ ਨੂੰ ਉੱਚੇ ਪੱਧਰ ’ਤੇ ਪਹੁੰਚਾਇਆ ਹੈ। ਉਹ ਪਿੰਡ ਪੱਧਰ ਤੋਂ ਹੀ ਪਾਰਟੀ ਨਾਲ ਜੁੜੇ ਰਹੇ ਹਨ ਤੇ ਕਿਸਾਨੀ ਮਸਲਿਆਂ ਤੇ ਧੀਰਜ ਤੇ ਨਿਸ਼ਠਾ ਨਾਲ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਨੂੰ ਭੁਲੱਥ ਹਲਕੇ ਵਿੱਚ ਪਿੰਡ ਪੱਧਰ ਤੱਕ ਕਮੇਟੀਆਂ ਬਣਾ ਕੇ ਕਿਸਾਨ ਵਿੰਗ ਨੂੰ ਮਜ਼ਬੂਤ ਕਰਨ ਦੀ ਡਿਊਟੀ ਦਿੱਤੀ ਗਈ ਹੈ। ਸਾਹੀ ਨੇ ਆਪਣੀ ਨਿਯੁਕਤੀ ਤੇ ਪਾਰਟੀ ਹਾਈ ਕਮਾਨ ਸਮੇਤ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂਕਿਹਾ ਇਹ ਮੇਰੇ ਲਈ ਮਾਣ ਤੇ ਵੱਡੀ ਜ਼ਿੰਮੇਵਾਰੀ ਹੈ। ਮੈਂ ਪਾਰਟੀ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਨੇ ਅਕਾਲੀਆਂ ਤੇ ਕਾਂਗਰਸ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਨੇ ਮਿਲ ਕੇ ਪੰਜਾਬ ਦੀ ਧਰਤੀ ਜਿਹੜੀ ਕਦੇ ਪੰਜ ਦਰਿਆਵਾਂ ਦੀ ਧਰਤੀ ਹੋਇਆ ਕਰਦੀ ਸੀ, ਉਹ ਅੱਜ 3 ਦਰਿਆਵਾਂ ’ਚ ਸਿਮਟ ਕੇ ਰਹਿ ਗਈ ਹੈ। ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਮਾੜੀਆਂ ਸਰਕਾਰਾਂ ਨੇ ਇਸ ਪੰਜਾਬ ’ਚ ਨਸ਼ਿਆਂ ਦੇ ਹੜ੍ਹ ਵਗਾ ਦਿੱਤੇ। ਇਹ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ ਜਿਸ ਨੇ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਜਦੋਂ ਵੀ ਕੋਈ ਫ਼ੈਸਲਾ ਲਿਆ ਹੈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਹੀ ਲਿਆ ਹੈ ਚਾਹੇ ਉਹ ਨਹਿਰਾਂ ਦੇ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਦਾ ਹੋਵੇ ਭਾਵੇਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦਾ ਹੋਵੇ। ਪੰਜਾਬ ਤੋਂ ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਤੇ ਨਹਿਰੀ ਪਾਣੀਆਂ ਨੂੰ ਯੋਜਨਾਬੱਧ ਢੰਗ ਨਾਲ ਪੰਜਾਬ ਦੇ ਹਰ ਖੇਤ ਤੱਕ ਪਹੁੰਚਣ ਦੇ ਨਿਰੰਤਰ ਯਤਨ ਜਾਰੀ ਹਨ।