ਪੁਲਿਸ ਚੌਕੀ ਤੋਂ ਮਹਿਜ਼ 100 ਮੀਟਰ ਦੂਰ ਚੱਲੀਆਂ ਗੋਲ਼ੀਆਂ, ਦਾਣਾ ਮੰਡੀ ਬਣੀ ਜੰਗ ਦਾ ਮੈਦਾਨ ਡੱਲਾ ਪੁਲਿਸ ਚੌਂਕੀ ਤੋਂ ਮਹਿਜ਼ 100 ਮੀਟਰ ਦੂਰ ਗੋਲੀਆਂ ਦੀ ਗੂੰਜ, ਦਾਣਾ ਮੰਡੀ ਬਣੀ ਜੰਗ ਦਾ ਮੈਦ
Publish Date: Fri, 10 Jul 2026 08:13 PM (IST)
Updated Date: Fri, 10 Jul 2026 08:15 PM (IST)
ਸੁੱਤੇ ਨੌਜਵਾਨ ਤੇ ਵਰ੍ਹਾਈਆਂ ਗੋਲ਼ੀਆਂ, ਹਾਲਤ ਨਾਜ਼ੁਕ, ਇਲਾਕੇ ’ਚ ਦਹਿਸ਼ਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੇੜਲੇ ਪਿੰਡ ਡੱਲਾ ਦੀ ਦਾਣਾ ਮੰਡੀ ਵਿੱਚ ਬੀਤੀ ਦੇਰ ਰਾਤ ਗੋਲ਼ੀਆਂ ਚੱਲਣ ਨਾਲ ਦਹਿਸ਼ਤ ਫੈਲ ਗਈ ਜਦੋਂ ਪੁਲਿਸ ਚੌਕੀ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਇੱਕ ਆੜ੍ਹਤੀਏ ਦੇ ਨਿੱਜੀ ਫੜ ’ਚ ਸੁੱਤੇ ਪਏ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਇਸ ਖੂਨੀ ਹਮਲੇ ਵਿੱਚ ਨੌਜਵਾਨ ਨੂੰ ਤਿੰਨ ਗੋਲ਼ੀਆਂ ਲੱਗੀਆਂ ਅਤੇ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਘਟਨਾ ਤੋਂ ਬਾਅਦ ਪੂਰੀ ਦਾਣਾ ਮੰਡੀ ਵਿੱਚ ਤਰਥੱਲੀ ਮਚ ਗਈ ਅਤੇ ਲੋਕ ਦਹਿਸ਼ਤ ਵਿੱਚ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਜਾਣਕਾਰੀ ਅਨੁਸਾਰ, ਜ਼ਖਮੀ ਨੌਜਵਾਨ ਦੀ ਪਛਾਣ ਸੰਨੀ (23) ਵਜੋਂ ਹੋਈ ਹੈ, ਜੋ ਮੌਜੂ ਖੇੜਾ, ਜ਼ਿਲ੍ਹਾ ਸਿਰਸਾ (ਹਰਿਆਣਾ) ਦਾ ਰਹਿਣ ਵਾਲਾ ਹੈ ਅਤੇ ਡੱਲਾ ਮੰਡੀ ਵਿੱਚ ਇੱਕ ਆੜ੍ਹਤੀਏ ਦੇ ਫੜ ’ਤੇ ਕੰਮ ਕਰਦਾ ਹੈ। ਜ਼ਖਮੀ ਦੇ ਪਿਤਾ ਸੁਭਾਸ਼ ਨੇ ਦੱਸਿਆ ਕਿ ਸੰਨੀ ਰਾਤ ਸਮੇਂ ਕਮਰੇ ਵਿੱਚ ਸੁੱਤਾ ਹੋਇਆ ਸੀ। ਇਸੇ ਦੌਰਾਨ ਲੁੱਟ-ਖੋਹ ਦੀ ਨੀਅਤ ਨਾਲ ਆਏ ਹਮਲਾਵਰ ਅੰਦਰ ਦਾਖਲ ਹੋਏ ਅਤੇ ਬਿਨਾਂ ਕੋਈ ਮੌਕਾ ਦਿੱਤੇ ਉਸ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਦੀ ਆਵਾਜ਼ ਨਾਲ ਸਾਰਾ ਇਲਾਕਾ ਗੂੰਜ ਉੱਠਿਆ। ਹਮਲਾਵਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਚੁੱਕੇ ਸਨ। ਖੂਨ ਨਾਲ ਲੱਥਪੱਥ ਸੰਨੀ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਇਸ ਸਨਸਨੀਖੇਜ਼ ਵਾਰਦਾਤ ਨੇ ਕਾਨੂੰਨ-ਵਿਵਸਥਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੋਲ਼ੀਬਾਰੀ ਦੀ ਇਹ ਵਾਰਦਾਤ ਪੁਲਿਸ ਚੌਕੀ ਡੱਲਾ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਵਾਪਰੀ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਨੇ ਚਾਰ ਤੋਂ ਪੰਜ ਰਾਊਂਡ ਫਾਇਰਿੰਗ ਕੀਤੀ ਅਤੇ ਬੇਖੌਫ਼ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਦਾਣਾ ਮੰਡੀ ਦੇ ਵਪਾਰੀਆਂ ਅਤੇ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਚੌਕੀ ਡੱਲਾ ਦੇ ਇੰਚਾਰਜ ਸਬ-ਇੰਸਪੈਕਟਰ ਜਸਜੀਤ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਤਿੰਨ ਖਾਲੀ ਖੋਲ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉੱਧਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਡਾਕਟਰ ਅਰਪਣ ਕੌਰ ਨੇ ਦੱਸਿਆ ਕਿ ਦੇਰ ਰਾਤ ਇੱਕ ਗੰਭੀਰ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਾਲਤ ਨਾਜ਼ੁਕ ਹੋਣ ਕਾਰਨ ਉੱਚ ਸਿਹਤ ਕੇਂਦਰ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਸਿਰਫ਼ ਇੱਕ ਗੋਲ਼ੀਬਾਰੀ ਨਹੀਂ, ਸਗੋਂ ਸੁਰੱਖਿਆ ਪ੍ਰਬੰਧਾਂ ਲਈ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਪੁਲਿਸ ਚੌਕੀ ਦੇ ਇੰਨੇ ਨੇੜੇ ਹੋਈ ਇਸ ਵਾਰਦਾਤ ਨੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਅਤੇ ਇਹ ਸਵਾਲ ਛੱਡ ਦਿੱਤਾ ਹੈ ਕਿ ਜੇਕਰ ਸੁਰੱਖਿਆ ਦੇ ਦਾਅਵਿਆਂ ਦੇ ਬਾਵਜੂਦ ਅਪਰਾਧੀ ਇੰਨੀ ਬੇਖੌਫ਼ੀ ਨਾਲ ਗੋਲ਼ੀਆਂ ਚਲਾ ਕੇ ਫਰਾਰ ਹੋ ਸਕਦੇ ਹਨ ਤਾਂ ਆਮ ਲੋਕ ਆਪਣੇ ਆਪ ਨੂੰ ਕਿੱਥੇ ਸੁਰੱਖਿਅਤ ਮਹਿਸੂਸ ਕਰਨਗੇ।