ਮੂੰਗਫਲੀ ਬਣ ਸਕਦੀ ਹੈ ਆਮਦਨ ਦਾ ਵਧੀਆ ਸਾਧਨ : ਡਾ. ਜਸਵਿੰਦਰ ਸਿੰਘ ਮੱਕੀ ਦੀ ਥਾਂ ਮੂੰਗਫਲੀ, ਪਾਣੀ ਦੀ ਬਚਤ ਤੇ ਵਧੇਰੇ ਆਮਦਨ ਦਾ ਬਣ ਸਕਦੀ ਹੈ ਸਾਧਨ : ਡਾ. ਜਸਵਿੰਦਰ ਸਿੰਘ
Publish Date: Mon, 14 Sep 2026 09:59 PM (IST)
Updated Date: Mon, 14 Sep 2026 10:02 PM (IST)
ਮੂੰਗਫਲੀ ਦੀ ਕਾਸ਼ਤ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਲੋਧੀ ਵੱਲੋਂ ਆਤਮਾ ਸਕੀਮ ਅਧੀਨ ਮੂੰਗਫਲੀ ਦੀ ਕਾਸ਼ਤ ਦੇ ਸੁਚੱਜੇ ਢੰਗਾਂ ਸਬੰਧੀ ਫਾਰਮਰ ਸਕੂਲ-ਕਮ-ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਵਿਸ਼ਾਲ ਸਿਖਲਾਈ ਕੈਂਪ ਦੌਰਾਨ ਉਚੇਚੇ ਤੌਰ ’ਤੇ ਐੱਸਡੀਐੱਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐੱਸਡੀਐੱਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਬਦਲਵੀਆਂ ਤੇ ਪਾਣੀ ਦੀ ਘੱਟ ਖਪਤ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਦੇਖਦਿਆਂ ਪਾਣੀ ਬਚਾਉਣ ਵਾਲੀ ਖੇਤੀ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਮੂੰਗਫਲੀ ਦੀ ਕਾਸ਼ਤ ਅਪਣਾਉਣ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਲਗਾਤਾਰ ਰਾਬਤਾ ਰੱਖਣ ਤੇ ਲੋੜੀਂਦੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਇਸ ਮੌਕੇ ਕੈਂਪ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੇ ਰਕਬੇ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਵਿੱਚ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਿਜਾਈ ਦਾ ਖਰਚਾ ਪ੍ਰਤੀ ਏਕੜ ਕਰੀਬ 20 ਹਜ਼ਾਰ ਰੁਪਏ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੱਕੀ ਦੇ ਬਦਲ ਵਜੋਂ ਮੂੰਗਫਲੀ ਦੀ ਕਾਸ਼ਤ ਕਿਸਾਨਾਂ ਲਈ ਵਧੀਆ ਬਦਲ ਸਾਬਤ ਹੋ ਸਕਦੀ ਹੈ, ਕਿਉਂਕਿ ਇਸ ਵਿੱਚ ਪਾਣੀ ਦੀ ਖਪਤ ਘੱਟ ਹੋਣ ਦੇ ਨਾਲ ਚੰਗੀ ਆਮਦਨ ਦੀ ਸੰਭਾਵਨਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਬਹਾਰ ਰੁੱਤ ਦੌਰਾਨ ਕਰੀਬ 76 ਏਕੜ ਰਕਬੇ ਵਿੱਚ ਮੂੰਗਫਲੀ ਦੀ ਕਾਸ਼ਤ ਕੀਤੀ ਗਈ। ਇਸ ਦੇ ਚੰਗੇ ਨਤੀਜਿਆਂ ਆਉਣ ਕਾਰਨ ਹੋਰਨਾਂ ਕਿਸਾਨਾਂ ਵਿੱਚ ਵੀ ਇਸ ਫ਼ਸਲ ਪ੍ਰਤੀ ਉਤਸ਼ਾਹ ਵਧਿਆ ਹੈ। ਖੇਤੀਬਾੜੀ ਵਿਸਥਾਰ ਅਫ਼ਸਰ ਪਰਮਿੰਦਰ ਕੁਮਾਰ ਵੱਲੋਂ ਮੰਚ ਦਾ ਸੰਚਾਲਨ ਕਰਦਿਆਂ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਪਾਣੀ ਦੀ ਖਪਤ ਘੱਟ ਕਰਨ ਵਾਲੀਆਂ ਬਦਲਵੀਆਂ ਫਸਲਾਂ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਵੱਲੋਂ ਮੂੰਗਫਲੀ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਮੂੰਗਫਲੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਮਾਸਟਰ ਜਰਨੈਲ ਸਿੰਘ, ਸ਼ੇਰ ਸਿੰਘ ਮੁੱਤੀ, ਸ਼ਰਨਪਾਲ ਸਿੰਘ, ਹਰਭਜਨ ਸਿੰਘ, ਨੰਬਰਦਾਰ ਹਰਵੰਤ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ ਲਾਡੀ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬਹਾਰ ਰੁੱਤ ਵਿੱਚ ਬੀਜੀ ਮੂੰਗਫਲੀ ਦਾ ਪ੍ਰਤੀ ਏਕੜ ਕਰੀਬ 15 ਕੁਇੰਟਲ ਤੋਂ ਲੈ ਕੇ 20 ਕੁਇੰਟਲ ਤੱਕ ਝਾੜ ਪ੍ਰਾਪਤ ਕੀਤਾ ਗਿਆ, ਜਿਸ ਤੇ ਉਨ੍ਹਾਂ ਤਕਰੀਬਨ ਇੱਕ ਲੱਖ ਤੱਕ ਮੁਨਾਫ਼ਾ ਪਾਇਆ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਮੂੰਗਫਲੀ ਦੀ ਕਾਸ਼ਤ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਏਟੀਐੱਮ, ਹਰਜੋਧ ਸਿੰਘ ਏਟੀਐੱਮ, ਅਜੀਤ ਸਿੰਘ ਔਜਲਾ, ਬਲਦੇਵ ਸਿੰਘ, ਲਖਵਿੰਦਰ ਸਿੰਘ, ਰੇਸ਼ਮ ਸਿੰਘ ਰਿਟਾਇਰਡ ਫੀਲਡ ਅਫ਼ਸਰ, ਰਾਜਵਿੰਦਰ ਸਿੰਘ ਜੋਸਨ, ਕੁਲਜੀਤ ਸਿੰਘ ਮੈਨਵਾ, ਤੇਜਿੰਦਰ ਸਿੰਘ, ਮਾਸਟਰ ਸੁੱਚਾ ਸਿੰਘ, ਅਜੀਤ ਸਿੰਘ, ਹੁਕਮ ਸਿੰਘ, ਮੰਗਲ ਸਿੰਘ ਸ਼ਾਹਜਹਾਂਪੁਰ, ਸੰਤੋਖ ਸਿੰਘ, ਪਰਮਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।