ਵਿਆਹ ਤੋਂ ਦੋ ਦਿਨ ਪਹਿਲਾਂ ਲਾੜੇ ਨੇ ਕੀਤੀ ਖੁਦਕੁਸ਼ੀ
ਵਿਆਹ ਤੋਂ ਦੋ ਦਿਨ ਪਹਿਲਾਂ ਲਾੜੇ ਨੇ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ
Publish Date: Fri, 13 Feb 2026 07:49 PM (IST)
Updated Date: Fri, 13 Feb 2026 07:51 PM (IST)

ਸ਼ੁੱਕਰਵਾਰ ਸ਼ਾਮ ਨੂੰ ਸ਼ਗਨ ਸਮਾਰੋਹ ਤੋਂ ਪਹਿਲਾਂ ਪਰਿਵਾਰ ਮਨਾ ਰਿਹਾ ਸੋਗ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਕ ਨੌਜਵਾਨ ਵਪਾਰੀ ਨੇ ਆਪਣੇ ਹੀ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਵਿਆਹ ਸਿਰਫ਼ ਦੋ ਦਿਨ ਬਾਅਦ ਹੋਣਾ ਸੀ। ਜਿਥੇ ਪਰਿਵਾਰ ਕੁਝ ਘੰਟੇ ਪਹਿਲਾਂ ਹੀ ਵਿਆਹ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਪਰ ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰਾ ਮਾਹੌਲ ਗਮਗੀਨ ਹੋ ਗਿਆ। ਸ਼ੁੱਕਰਵਾਰ ਸ਼ਾਮ ਨੂੰ ਸ਼ਗਨ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜੋ ਸੋਗ ਵਿਚ ਬਦਲ ਗਈਆਂ। ਮ੍ਰਿਤਕ ਦੀ ਪਛਾਣ ਕਰਨ ਕੁਮਾਰ (29 ਸਾਲ) ਵਜੋਂ ਹੋਈ ਹੈ, ਜੋ ਸ਼ਿਵ ਕਲੋਨੀ ਦੇ ਰਹਿਣ ਵਾਲੇ ਰਮੇਸ਼ ਕੁਮਾਰ ਦਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕਰਨ ਕੁਮਾਰ ਜੌਲੀ ਮਾਰਕੀਟ ਵਿਚ ਇਕ ਦੁਕਾਨ ਕਰਦਾ ਸੀ। ਸ਼ੁੱਕਰਵਾਰ ਦੁਪਹਿਰ ਨੂੰ ਉਸਨੇ ਆਪਣੇ ਘਰ ਦੀ ਤੀਜੀ ਮੰਜ਼ਿਲ ਤੇ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ, ਪਰਿਵਾਰ ਨੇ ਉਸਨੂੰ ਹੇਠਾਂ ਉਤਾਰਿਆ ਤੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ ਤੇ ਮੌਜੂਦ ਡਾਕਟਰ ਸ਼ੈਲਜਾ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਚਾਚਾ ਧਰਮਪਾਲ ਮਹਾਜਨ ਨੇ ਦੱਸਿਆ ਕਿ ਕਰਨ ਕੁਮਾਰ ਦਾ ਵਿਆਹ ਦੋ ਦਿਨ ਬਾਅਦ ਹੋਣਾ ਸੀ ਤੇ ਘਰ ਵਿਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਸ਼ੁੱਕਰਵਾਰ ਸ਼ਾਮ ਨੂੰ ਸ਼ਗਨ ਸਮਾਰੋਹ ਵੀ ਸੀ, ਪਰ ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿਚ ਛੱਡ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਟੀ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਿਟੀ ਪੁਲਿਸ ਦੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਲਾਸ਼ ਨੂੰ ਬਿਨਾਂ ਪੋਸਟਮਾਰਟਮ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ, ਕਿਉਂਕਿ ਪਰਿਵਾਰ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ ਤੇ ਇਸ ਬੇਵਕਤੀ ਮੌਤ ਤੋਂ ਹਰ ਕੋਈ ਹੈਰਾਨ ਹੈ।