ਦ ਓਪਨ ਡੋਰ ਚਰਚ ਖੋਜਵਾਲਾ ਵਿਖੇ ਵਿਸ਼ਾਲ ਪ੍ਰਾਰਥਨਾ ਸਭਾ ਕਰਵਾਈ ਦ ਓਪਨ ਡੋਰ ਚਰਚ ਖੋਜਵਾਲਾ ਵਿਖੇ ਵਿਸ਼ਾਲ ਪ੍ਰਾਰਥਨਾ ਸਭਾ ਦਾ ਆਯੋਜਨ
Publish Date: Sun, 22 Nov 2026 09:20 PM (IST)
Updated Date: Sun, 22 Nov 2026 09:22 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦ ਓਪਨ ਡੋਰ ਚਰਚ ਖੋਜਵਾਲਾ ਵਿਖੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਵਿਸ਼ਾਲ ਪ੍ਰਾਰਥਨਾ ਸਭਾ ਦਾ ਆਯੋਜਨ ਬੜੀ ਸ਼ਰਧਾ, ਉਤਸ਼ਾਹ ਤੇ ਅਧਿਆਤਮਿਕ ਮਾਹੌਲ ਵਿੱਚ ਕੀਤਾ ਗਿਆ। ਇਸ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਕੇ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਤੇ ਪ੍ਰਭੂ ਦੀ ਮਹਿਮਾ ਵਿੱਚ ਸ਼ਾਮਲ ਹੋ ਕੇ ਅਧਿਆਤਮਿਕ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ਵ ਪ੍ਰਸਿੱਧ ਚੀਫ਼ ਪਾਸਟਰ ਹਰਪ੍ਰੀਤ ਦਿਓਲ ਨੇ ਵਿਸ਼ੇਸ਼ ਤੌਰ ’ਤੇ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਵਚਨਾਂ ਰਾਹੀਂ ਜੀਵਨ ਦੀ ਸਹੀ ਦਿਸ਼ਾ ਬਾਰੇ ਜਾਣੂ ਕਰਵਾਇਆ। ਪ੍ਰਾਰਥਨਾ ਸਭਾ ਦੌਰਾਨ ਚੀਫ਼ ਪਾਸਟਰ ਹਰਪ੍ਰੀਤ ਦਿਓਲ ਨੇ ਪਵਿੱਤਰ ਬਾਈਬਲ ਵਿੱਚ ਦਰਜ ਪ੍ਰਭੂ ਦੇ ਵਚਨਾਂ ਦੀ ਵਿਸਥਾਰਪੂਰਵਕ ਵਿਆਖਿਆ ਕਰਦਿਆਂ ਸੰਗਤਾਂ ਨੂੰ ਜੀਵਨ ਵਿੱਚ ਸੱਚਾਈ, ਇਮਾਨਦਾਰੀ, ਨਿਮਰਤਾ, ਪਿਆਰ ਤੇ ਸੇਵਾ ਦੀ ਭਾਵਨਾ ਅਪਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਪਵਿੱਤਰ ਬਾਈਬਲ ਸਿਰਫ਼ ਇੱਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਮਨੁੱਖ ਨੂੰ ਸਹੀ ਰਸਤੇ ’ਤੇ ਚੱਲਣ, ਚੰਗੇ ਕਰਮ ਕਰਨ ਤੇ ਦੂਜਿਆਂ ਨਾਲ ਪਿਆਰ ਭਰਿਆ ਵਿਹਾਰ ਕਰਨ ਦੀ ਸਿੱਖਿਆ ਦੇਣ ਵਾਲੀ ਪਵਿੱਤਰ ਰਹਿਨੁਮਾਈ ਹੈ। ਜੇਕਰ ਮਨੁੱਖ ਪ੍ਰਭੂ ਦੇ ਵਚਨਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ’ਤੇ ਅਮਲ ਕਰੇ ਤਾਂ ਉਹ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਹਿੰਮਤ ਤੇ ਵਿਸ਼ਵਾਸ ਨਾਲ ਕਰ ਸਕਦਾ ਹੈ। ਚੀਫ਼ ਪਾਸਟਰ ਹਰਪ੍ਰੀਤ ਦਿਓਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਦੇ ਜੀਵਨ ਵਿੱਚ ਕਈ ਵਾਰ ਅਜਿਹੇ ਮੁਸ਼ਕਲ ਹਾਲਾਤ ਆਉਂਦੇ ਹਨ, ਜਦੋਂ ਉਹ ਆਪਣੇ ਆਪ ਨੂੰ ਨਿਰਾਸ਼ ਤੇ ਇਕੱਲਾ ਮਹਿਸੂਸ ਕਰਦਾ ਹੈ, ਪਰ ਪ੍ਰਭੂ ਯਿਸੂ ਮਸੀਹ ਉੱਤੇ ਅਟੁੱਟ ਵਿਸ਼ਵਾਸ ਮਨੁੱਖ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਦੀ ਤਾਕਤ ਤੇ ਹੌਸਲਾ ਪ੍ਰਦਾਨ ਕਰਦਾ ਹੈ। ਇਸ ਦੌਰਾਨ ਪ੍ਰਾਰਥਨਾ ਸਭਾ ਵਿੱਚ ਮੌਜੂਦ ਸੰਗਤਾਂ ਨੇ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕੀਤੀ। ਚਰਚ ਦਾ ਸਮੁੱਚਾ ਮਾਹੌਲ ਅਧਿਆਤਮਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸੰਗਤਾਂ ਨੇ ਪਾਸਟਰ ਸਾਹਿਬ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ ਤੇ ਪ੍ਰਭੂ ਦੇ ਵਚਨਾਂ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ਚਰਚ ਵੱਲੋਂ ਸੰਗਤਾਂ ਨੂੰ ਇੱਕ ਹੋਰ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਉਣ ਵਾਲੀ 30 ਨਵੰਬਰ ਤੇ 3 ਦਸੰਬਰ ਨੂੰ ਦ ਓਪਨ ਡੋਰ ਚਰਚ ਖੋਜਵਾਲਾ ਵਿਖੇ ਨਵੀਂ ਸ਼ੁਰੂਆਤ ਦੇ ਸਿਰਲੇਖ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਪ੍ਰਾਰਥਨਾਵਾਂ ਦੌਰਾਨ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਰਾਹੀਂ ਸੰਗਤਾਂ ਨੂੰ ਨਵੀਂ ਉਮੀਦ, ਨਵਾਂ ਵਿਸ਼ਵਾਸ ਤੇ ਜੀਵਨ ਵਿੱਚ ਚੰਗੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਪ੍ਰਾਰਥਨਾ ਸਭਾ ਦੀ ਸਮਾਪਤੀ ਉਪਰੰਤ ਦੂਰ-ਦੁਰਾਡੇ ਤੋਂ ਆਏ ਸ਼ਰਧਾਲੂਆਂ ਨੇ ਬੜੇ ਪ੍ਰੇਮ, ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ।